10 ਕਰੋੜ ਦੀ ਲਾਗਤ ਨਾਲ ਆਈ.ਟੀ.ਆਈ. ਵਿਖੇ ਬਣੇਗਾ ਅਤਿ ਆਧੁਨਿਕ ਐਕਸਟੈਂਸ਼ਨ ਸੈਟਰ
ਨੌਜਵਾਨਾਂ ਨੂੰ ਰੋਜ਼ਗਾਰ ਅਤੇ ਅਤਿ ਆਧੁਨਿਕ ਕੋਰਸਾਂ ਦਾ ਮਿਲੇਗਾ ਲਾਹਾ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਬੁਲਾਈ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਵਿਭਾਗਾਂ ਦੀ ਮੀਟਿੰਗ
ਮੋਗਾ, 13 ਜੂਨ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਸਦਕਾ ਜ਼ਿਲ੍ਹਾ ਮੋਗਾ ਪੰਜਾਬ ਦਾ ਪਹਿਲਾ ਅਜਿਹਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਜਿੱਥੇ ਕਿ ਬਹੁਤ ਜਲਦ ਲੁਧਿਆਣਾ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਸੈਂਟਰ ਖੁੱਲ੍ਹੇਗਾ। ਇਸ ਅਤਿ ਆਧੁਨਿਕ ਐਕਸਟੈਂਸ਼ਨ ਸੈਂਟਰ ਉੱਪਰ 10 ਕਰੋੜ ਰੁਪਏ ਖਰਚੇ ਜਾਣਗੇ। ਇਹ ਐਕਸਟੈਂਸ਼ਨ ਸੈਂਟਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਈ ਸੰਸਥਾ ਮੋਗਾ ਵਿਖੇ ਸਥਾਪਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦੀ ਸੁਚੱਜੀ ਅਗਵਾਈ ਸਦਕਾ ਡਿਵੈਲਪਮੈਂਟ ਕਮਿਸ਼ਨਰ ਐਮ.ਐਸ.ਐਮ.ਈ. ਭਾਰਤ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਪ੍ਰਿੰਸੀਪਲ ਅਪਰੂਵਲ ਮਿਲ ਗਈ ਹੈ।
ਐਕਸਟੈਂਸ਼ਨ ਸੈਂਟਰ ਦੀ ਸਥਾਪਨਾ ਜਲਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸ੍ਰ. ਸੁਖਮਿੰਦਰ ਸਿੰਘ ਰੇਖੀ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ ਸ਼ਿਲਪਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪ੍ਰੋਜੈਕਟ ਦੀ ਡੀ.ਪੀ.ਆਰ. (ਡਿਟੇਲਡ ਪ੍ਰੋਜੈਕਟ ਰਿਪੋਰਟ) ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰਿਪੋਰਟ ਉਦਯੋਗਪਤੀਆਂ, ਸਟਾਕਹੋਲਡਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ, ਜਿਵੇਂ ਕਿ ਮੋਗਾ ਵਿੱਚ ਕਿਹੜੇ ਬੁਨਿਆਦੀ ਢਾਂਚੇ ਦੀ ਘਾਟ ਹੈ ਜਿਸ ਨਾਲ ਉਨ੍ਹਾਂ ਨੂੰ ਨਵੀਂ ਤਕਨੀਕ ਵਾਲੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਣ, ਬਾਰੇ ਵਿਚਾਰ ਕੇ ਤਿਆਰ ਕੀਤੀ ਜਾਵੇਗੀ। ਪ੍ਰਿੰਸੀਪਲ ਆਈ.ਟੀ.ਆਈ. , ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਜਾਂ ਹੋਰ ਵਿੱਦਿਅਕ ਸੰਸਥਾਵਾ ਨਾਲ ਵੀ ਵਿਚਾਰ ਵਟਾਂਦਰਾ ਕਰਕੇ ਸਿਲੇਬਸ ਵਿੱਚ ਉਦਯੋਗ ਅਤੇ ਰੋਜ਼ਗਾਰ ਦੀ ਮੰਗ ਅਨੁਸਾਰ ਤਬਦੀਲੀ ਕੀਤੀ ਜਾਵੇਗੀ। ਇਸ ਵਿੱਚ ਸਮੇਂ ਦੀ ਮੰਗ ਅਨੁਸਾਰ ਸਾਰੇ ਐਡਵਾਂਸ ਕੋਰਸ ਵੀ ਸ਼ਾਮਿਲ ਕੀਤੇ ਜਾਣਗੇ। ਐਕਸਟੈਂਸ਼ਨ ਸੈਂਟਰ ਖੁੱਲ੍ਹਣ ਨਾਲ ਨੌਜਵਾਨਾਂ ਨੂੰ ਅਤਿ ਆਧੁਨਿਕ ਕੋਰਸਾਂ ਦਾ ਲਾਹਾ ਮਿਲਣ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਵੀ ਵਧੇਰੇ ਮਿਲਣਗੇ।
ਮੋਗਾ ਵਿੱਚ ਐਕਸਟੈਂਸ਼ਨ ਸੈਂਟਰ ਨੂੰ ਉਦਯੋਗ ਦੀਆਂ ਵਿਕਸਿਤ ਲੋੜਾਂ ਨੂੰ ਪੂਰਾ ਕਰਨ ਅਤੇ ਨਿਰਮਾਤਾਵਾਂ ਨੂੰ ਉਨ੍ਹਾਂ ਦੀਆਂ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਲਈ ਸ਼ਕਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਵੇਗਾ। ਨਵੀਨਤਮ ਸੀ.ਐਨ.ਸੀ. ਮਸ਼ੀਨਾਂ ਅਤੇ ਮਸ਼ੀਨਿੰਗ ਕੇਂਦਰਾਂ ਦੇ ਨਾਲ ਐਡਵਾਂਸਡ ਮਸ਼ੀਨਿੰਗ ਸੈਂਟਰ, ਉੱਚ ਸ਼ੁੱਧਤਾ ਅਤੇ ਕੁਸ਼ਲ ਨਿਰਮਾਣ ਪ੍ਰਕਿਰਿਆਵਾਂ ਨੂੰ ਸਮਰੱਥ ਬਣਾਉਣਾ, ਥ੍ਰੀ ਡੀ. ਪ੍ਰਿੰਟਿੰਗ ਲੈਬ ਇੰਡਸਟਰੀ ਨਿਰਮਾਣ ਲਈ ਉਦਯੋਗ ਦੀ ਵਧ ਰਹੀ ਮੰਗ ਦੇ ਅਨੁਸਾਰ ਕੈਡ/ਕੈਮ ਸੇਵਾਵਾਂ, ਹੁਨਰ ਵਿਕਾਸ, ਸਲਾਹ ਸੇਵਾਵਾਂ ਨਾਲ ਸਬੰਧਤ ਸਿਖਲਾਈ ਆਦਿ ਐਕਸਟੈਂਸ਼ਨ ਸੈਂਟਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ।
ਸ੍ਰ. ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਨਵੀਨਤਾ ਅਤੇ ਹੁਨਰ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿੱਦਿਅਕ ਸੰਸਥਾਵਾਂ, ਉਦਯੋਗ ਦੇ ਨੇਤਾਵਾਂ ਅਤੇ ਸਰਕਾਰੀ ਸੰਸਥਾਵਾਂ ਵਿਚਕਾਰ ਤਾਲਮੇਲ ਬਹੁਤ ਹੀ ਮਹੱਤਪੂਰਨ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮੁਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਦੇਖੇ ਗਏ ਐਕਸਟੈਂਸ਼ਨ ਸੈਂਟਰ ਦੇ ਸੁਪਨੇ ਨੂੰ ਹੁਣ ਬੂਰ ਪੈਣ ਲੱਗਾ ਹੈ।
ਪਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ ਸ੍ਰੀਮਤੀ ਸ਼ਿਲਪਾ ਨੇ ਦੱਸਿਆ ਕਿ ਤੇਜ਼ੀ ਨਾਲ ਤਕਨੀਕੀ ਤਰੱਕੀ ਅਤੇ ਡਿਜ਼ੀਟਲ ਤਬਦੀਲੀ ਦੇ ਇਸ ਯੁਗ ਵਿੱਚ ਇਹ ਜਰੂਰੀ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਕਾਸਸ਼ੀਲ ਰੋਜ਼ਗਾਰ ਬਜ਼ਾਰ ਵਿੱਚ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰੀਏ ਅਤੇ ਆਪਣੇ ਜ਼ਿਲ੍ਹੇ ਦੇ ਵਿਕਾਸ ਵਿੱਚ ਯੋਗਦਾਨ ਪਾਈਏ।
ਉਦਯੋਗਪਤੀ ਸ੍ਰ. ਸੁਭਾਸ਼ ਗਰੋਰਵ, ਸ੍ਰੀ ਅਜੀਤਪਾਲ ਸਿੰਘ ਅਤੇ ਹੋਰਾਂ ਨੇ ਕਿਹਾ ਕਿਾ ਹੁਨਰਮੰਦ ਮਨੁੱਖੀ ਸ਼ਕਤੀ ਉਦਯੋਗਪਤੀਆਂ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦੀ ਹੈ, ਜਿਸ ਵਿੱਚ ਉਤਪਾਦਕਤਾ ਵਿੱਚ ਵਾਧਾ, ਗੁਣਵੱਤਾ ਨਿਯੰਤਰਤਣ ਵਿੱਚ ਸੁਧਾਰ, ਤੇਜ਼ ਨਵੀਨਤਾ, ਸਿਖਲਾਈ ਦੀ ਲਾਗਤ ਵਿੱਚ ਕਮੀ, ਸੰਚਾਲਨ ਕੁਸ਼ਲਤਾ ਵਿੱਚ ਵਾਧਾ, ਨਵੀਂ ਤਕਨੀਕਾਂ ਦੇ ਅਨੁਕੂਲਤਾ, ਉੱਚ ਮੁਕਾਬਲੇਬਾਜ਼ੀ ਅਤੇ ਸਮੁੱਚੇ ਕਾਰੋਬਾਰ ਵਿੱਚ ਵਾਧਾ ਸ਼ਾਮਿਲ ਹੈ।