ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਦੀ ਸਕੀਮ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਦੀ ਕਗਾਰ ਤੇ।

ਖਾਣਾ ਬਣਾਉਣ ਵਾਲੀਆਂ ਬੀਬੀਆਂ ਦੇ ਆਪਣੇ ਚੁੱਲ੍ਹੇ ਵੀ ਹਨ ਠੰਡੇ

ਬਰਨਾਲਾ/ ਮਹਿਲ ਕਲਾਂ- 14 ਨਵੰਬਰ- (ਗੁਰਸੇਵਕ ਸੋਹੀ)- ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਦੀ ਜੋ ਸਕੀਮ ਚੱਲ ਰਹੀ ਹੈ ਉਹ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਈ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਮਾਲਵਿੰਦਰ ਸਿੰਘ ਅਤੇ ਸਕੱਤਰ ਰਘਵੀਰ ਕਰਮਗੜ ਨੇ ਕਿਹਾ ਕਿ
ਜੁਲਾਈ ਮਹੀਨੇ ਦੇ ਅੱਧ ਵਿੱਚ ਇਸ ਸਕੀਮ ਲਈ ਫੰਡ ਮੁਹੱਈਆ ਕਰਵਾਏ ਗਏ ਸਨ। ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਫੰਡ ਸਕੂਲਾਂ ਨੂੰ ਨਹੀਂ ਭੇਜੇ ਗਏ। ਗਰੀਬ ਵਿਦਿਆਰਥੀਆਂ ਦੇ ਦੁਪਹਿਰ ਦੇ ਭੋਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਕ ਇਸ ਸਕੀਮ ਨੂੰ ਆਪਣੀਆਂ ਜੇਬਾਂ ਵਿਚੋਂ ਪੈਸਾ ਖਰਚ ਕੇ ਚਲਾ ਰਹੇ ਹਨ। ਪਿਛਲੇ ਚਾਰ ਮਹੀਨਿਆਂ ਦੇ ਸਮੇਂ ਦੌਰਾਨ ਮਿਡ-ਡੇ-ਮੀਲ ਦੇ ਇੰਚਾਰਜਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਵਿੱਚ ਮਹਿੰਗਾਈ ਦੇ ਦੌਰ ਕਾਰਨ ਦੁਕਾਨਦਾਰਾਂ ਨੇ ਵੀ ਅਧਿਆਪਕਾਂ ਨੂੰ ਉਧਾਰ ਦੇਣ ਤੋਂ ਮਨਾ ਕਰ ਦਿੱਤਾ ਹੈ। ਜ਼ਿਲ੍ਹਾ ਖ਼ਜ਼ਾਨਚੀ ਬਲਜਿੰਦਰ ਪ੍ਰਭੂ ਅਤੇ ਜ਼ਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਜੇਕਰ ਸਕੈਂਡਰੀ ਸਕੂਲਾਂ ਦੀ ਗੱਲ ਕਰੀਏ ਤਾਂ
 ਕਲਾਲ ਮਾਜਰਾ 51368, ਮੂੰਮ 53102, ਚੰਨਣਵਾਲ 47857, ਰਾਏਸਰ ਪੰਜਾਬ 27532, ਛਾਪਾ 63606, ਮਹਿਲ ਕਲਾਂ 62659, ਹਮੀਦੀ 45742, ਭੱਦਲਵੱਡ 35911, ਛੀਨੀਵਾਲ ਕਲਾਂ 53149, ਕਰਮਗੜ 66652, ਸੇਖਾ 79784 
ਹਾਈ ਸਕੂਲਾਂ ਵਿੱਚ  ਸੰਘੇੜਾ 112868,ਬੀਹਲਾ 57437 ,ਦੀਵਾਨਾ 55665,ਛੀਨੀਵਾਲ ਖੁਰਦ 25943,ਕੁਰੜ 39939,ਕੁਤਬਾ 38388,ਵਜੀਦਕੇ ਕਲਾਂ, 50142,ਗਹਿਲ 54632 ਮਿਡਲ ਅਤੇ ਪ੍ਰਾਇਮਰੀ ਸਕੂਲ ਵੀ 25000 ਤੋਂ 35000 ਰੁਪਏ ਪ੍ਰਤੀ ਸਕੂਲ ਵਾਧੂ ਖਰਚਾ ਕਰ ਚੁੱਕੇ ਹਨ।
ਇਹ ਵਾਧੂ ਖਰਚ ਹੋਈਆਂ ਰਕਮਾਂ ਅਕਤੂਬਰ ਮਹੀਨੇ ਦੇ ਅੰਤ ਤੱਕ ਦੀਆਂ ਹਨ , ਇਸ ਤੋਂ ਉਪਰੰਤ ਨਵੰਬਰ ਮਹੀਨੇ ਵਿੱਚ ਲਗਭੱਗ ਅੱਠ ਤੋਂ ਦਸ ਹਜ਼ਾਰ ਵਾਧੂ ਹਰੇਕ ਸਕੂਲ ਖ਼ਰਚ ਚੁੱਕਾ ਹੈ।
ਖਾਣਾ ਪਕਾਉਣ ਵਾਲੀਆਂ ਬੀਬੀਆਂ ਨੂੰ ਵੀ ਸਤੰਬਰ ਮਹੀਨੇ ਤੋਂ ਮਣਭੱਤਾ ਨਹੀਂ ਦਿੱਤਾ ਗਿਆ ਉਨ੍ਹਾਂ ਨੂੰ ਦੀਵਾਲੀ ਦਾ ਤਿਉਹਾਰ ਵੀ ਬਿਨਾਂ ਤਨਖ਼ਾਹ ਤੋਂ ਮਨਾਉਣਾ ਪਿਆ ਹੈ।ਪੰਜਾਬ ਸਰਕਾਰ ਆਪਣੇ ਮੂੰਹੋਂ ਮੀਆਂ ਮਿੱਠੂ ਬਣਦੀ ਫਿਰਦੀ ਹੈ ਕਿ ਚੰਨੀ ਕਰਦਾ ਮਸਲੇ ਹੱਲ ਅਜਿਹੇ ਦਾਅਵੇ ਫ਼ੋਕੇ ਸਾਬਤ ਹੁੰਦੇ ਹਨ  ਜਦ ਨਿਗੂਣਾ ਮਾਣਭੱਤੇ ਤੇ ਕੰਮ ਕਰਨ ਵਾਲੀਆਂ ਬੀਬੀਆਂ ਢੇਡ-ਢੇਡ ਸੌ ਬੱਚਿਆਂ ਦਾ ਖਾਣਾ ਬਣਾ ਕੇ ਵੀ ਖੁਦ ਠੰਡੇ ਚੁੱਲ੍ਹੇ ਜੀਵਨ ਬਤੀਤ ਕਰ ਰਹੀਆਂ ਹਨ।
ਇਸ ਸਮੇਂ ਰਜਿੰਦਰ ਸਿੰਗਲਾ, ਲਖਵੀਰ ਠੁੱਲੀਵਾਲ,  ਸੁਖਪ੍ਰੀਤ ਬੜੀ, ਪਲਵਿੰਦਰ ਸਿੰਘ ਠੀਕਰੀਵਾਲਾ ਹਾਜ਼ਰ ਸਨ।