ਗ਼ਰੀਬ ਦੀ ਜੂਨ ✍️ ਮਨਪ੍ਰੀਤ ਮੁਸਾਫ਼ਿਰ

ਬੰਦਾ ਜੋ ਦਿਨ ਰਾਤ ਏਹੀ ਸੋਚੇ ,ਪੈਸਾ ਕਿਵੇਂ ਕਮਾਵਾਂ?
ਆਪ ਕੀ ਖਾਵਾਂ ਤੇ ਕੀ ਔਲਾਦ ਦੇ ਮੂੰਹ ਵਿੱਚ ਪਾਵਾਂ?

ਕੰਮ ਕਰ ਕੇ ਮੁੜ੍ਹਕਾ ਉਹਦਾ ਗਿੱਟਿਆਂ ਤੱਕ ਚੋਂਦਾ ਏ।
ਇੱਧਰ ਮਾਲਿਕ ਟੱਪਦਾ ਏ , ਘਰੇ ਨਿਆਣਾ ਰੋਂਦਾ ਏ।

ਨੈਣਾਂ ਚ ਰਹੇ ਉਦਾਸੀ ਉਹਦੇ  ,ਚੈਨ ਵੀ ਨਾ ਆਉਂਦਾ।
ਕਿਧਰੇ ਨਾ ਚਿੱਤ ਲੱਗੇ ਨਾ ਸੱਥ ਵਿਚ ਬੈਠਣ ਭਾਉਂਦਾ।

ਜਿਧਰੇ ਕਿਧਰੇ ਕੰਮ ਮਿਲੇ,ਮਸਾਂ ਹੀ ਧੇਲਾ ਕਮਾਉਂਦਾ।
ਬੱਚੇ ਨੂੰ ਗੋਦੀ ਚੁੱਕ,ਪਤਾ ਨੀ ਮੇਲਾ ਕਿਵੇਂ ਦਿਖਾਉਂਦਾ?

ਵਿਹੜੇ ਚ ਡਾਹੀ ਮੰਜੀ ਉੱਤੇ ਨੀਂਦ ਕਦੇ ਆਉਂਦੀ ਨਾ।
ਸਾਕ ਨਾ ਸਬੰਧੀ ਤੇ ਤਾਈ ਚਾਚੀ ਵੀ ਬੁਲਾਉਂਦੀ ਨਾ।

ਬੱਚੀ ਨੇ ਅਵਾਜ਼ ਦਿੱਤੀ , ਪਾਪਾ! ਬੈਗ ਨਵਾਂ ਲੈ ਦਿਉ।
ਤੇ ਜਲਦ ਫੀਸ ਭਰ ਦੇਣੀ, ਮੈਡਮ ਜੀ ਨੂੰ ਕਹਿ ਦਿਉ।

ਜ਼ਿਹਨ ਵਿੱਚ ਸੋਚੇ ਗਰੀਬੜਾ!ਜਾਮਾ ਹੋਇਆ ਲੀਰ।
ਕੀ ਬਣੂੰਗਾ ਮੇਰੀ ਧੀ ਦਾ ਉਹਦੀ ਚੀਕਾਂ ਮਾਰੇ ਜ਼ਮੀਰ?

ਅੱਜ ਦੇ ਵੇਲੇ ਵਿੱਚ,ਗਰੀਬ ਦੀ ਹੈ ਜੂਨ ਬੜ੍ਹੀ ਮਾੜੀ।
ਕੁਝ ਵੀ ਪੱਲੇ ਨਾ ਪੈਂਦਾ, ਪੂਰੀ ਉਮਰ ਹੈ ਦੇਹੀ ਸਾੜੀ।

ਮੈਡਮ ਜੀ ਨੇ ਫੋਨ ਕੀਤਾ,ਪੇਪਰਾਂ ਦੀ ਫ਼ੀਸ ਭਰ ਦਿਉ।
ਇੱਕ ਮੈਂ ਫਾਰਮ ਦਿਆਂਗੀ, ਦਸਤਖ਼ਤ ਵੀ ਕਰ ਦਿਉ।

ਆਨਲਾਈਨ ਕਲਾਸਾਂ ਵੇਲੇ,ਪਾਪਾ! ਲੈ ਦੋ ਇੱਕ ਫ਼ੋਨ।
ਜੇ ਕਲਾਸ ਨਾ ਲਾਈ,ਮੈਡਮ ਨੇ ਲੱਗ ਜਾਣਾ ਸੁਣਾਉਣ।

ਟੱਚ ਫ਼ੋਨ ਲੈ ਕੇ ਵਿੱਚ ਨੈੱਟ ਪੈੱਕ ਮਹੀਨੇ ਦਾ ਪਵਾ ਦਿਉ।
ਪੇਪਰ ਹੋਣ ਵਾਲੇ ਸ਼ੁਰੂ ਨੇ, ਮੈਨੂੰ ਸ਼ੀਟਾਂ ਵੀ ਦਿਵਾ ਦਿਉ।

ਬਾਰਵੀਂ ਪਾਸ ਹੋ ਗਈ ਦਾਖਲਾ ਕਾਲਜ ਚ ਭਰਾ ਦਿਉ।
ਤੇ ਨਾਲ ਮੈਨੂੰ ਇੱਕ ਕੰਪਿਊਟਰ ਕੋਰਸ ਵੀ ਕਰਾ ਦਿਉ।

ਲਓ ਸਮਾਂ ਪਾ ਕੇ ਹੁਣ ਘਰਵਾਲੀ ਵੀ ਮੰਜੇ ਤੇ ਪੈ ਗਈ।
ਚਲਦੀ ਸੀ ਜੋ ਡਿਗਰੀ ਉਹ ਉੱਥੇ ਅਧੂਰੀ ਰਹਿ ਗਈ।

ਸਭ ਅੰਗ ਸਾਕ ਕਹਿਣ, ਹੁਣ ਕੁੜੀ ਨੂੰ ਵਿਆਹ ਦਿਉ।
ਲੈਣਾ ਕੀ ਪੜ੍ਹਾਈਆਂ ਤੋਂ,ਚਾਰ ਕ ਪੈਸੇ ਝੋਲੀ ਪਾ ਦਿਉ।

ਕਰਨਾ ਵਿਆਹ ਏ ਤਾਂ ,ਪੈਸਾ ਵੀ ਚੰਗਾ ਲਾਉਣਾ ਪਊ।
ਹੋਇਆ ਨਾ ਜੇ ਹੱਲ ਤਾਂ ਘਰ ਗਿਰਵੀ ਰਖਾਉਣਾ ਪਊ।

ਮੰਗ ਬੜ੍ਹੀ ਕੀਤੀ, ਸਾਹੁਰਿਆਂ ਨੇ ਮੂੰਹ ਬੜਾ ਅੱਡਿਆ।
ਜੜ੍ਹ ਚ ਪਾ ਕੇ ਦਾਤੀ,ਉਹਨਾ ਤਾਂ ਪੋਟਾ- ਪੋਟਾ ਵੱਡਿਆ।

ਧੀ ਟੁਰ ਗਈ ਸਹੁਰਿਆਂ ਨੂੰ ਤੇ ਕੱਲਾ ਹੋ ਬਹਿ ਗਿਆ।
ਮੰਜੇ ਤੇ ਪਈ ਪਤਨੀ ਤੇ ਟੁੱਟਾ ਘਰ ਪੱਲੇ ਰਹਿ ਗਿਆ।

ਰਾਤ ਨੂੰ ਪਿਆ ਸੋਚੇ,ਬੰਦਾ ਕਿਵੇਂ ਬੰਦੇ ਨੇ ਹੀ ਠੱਗਿਆ?
ਅੱਧੀ ਰਾਤ ਬੀਤੀ ਤੇ, ਦਿਲ ਚ ਦਰਦ ਹੋਣ ਲੱਗਿਆ।

ਉੱਠਿਆ ਤੇ ਕੋਲ ਘੜੇ ਚੋਂ ਪਾਣੀ ਦੀ ਘੁੱਟ ਭਰ ਲਈ।
ਫਿਰ ਲੋੜ੍ਹ ਪਊ, ਬੋਤਲ ਸਿਰਾਣੇ ਕੋਲ ਹੀ ਧਰਨ ਦੀ।

ਮਨਪ੍ਰੀਤ ਮੁਸਾਫ਼ਿਰ