ਮੈਂ ਲਾਸ਼ ਬੋਲਦੀ ਆਂ ✍️ ਸਲੇਮਪੁਰੀ ਦੀ ਚੂੰਢੀ -

ਮੈਂ ਲਾਸ਼ ਬੋਲਦੀ ਆਂ !
- ਮੈਂ ਸਿੰਘੂ ਬਾਰਡਰ ਤੋਂ
ਬੈਰੀਕੇਡ 'ਤੇ ਲਟਕਦੀ
ਹੱਥੋਂ ਟੁੰਡੀ,
 ਪੈਰੋਂ ਲੰਗੜੀ
ਲਹੂ-ਲੁਹਾਣ ਹੋਈ
ਲਖਵੀਰ  ਦੀ
ਲਾਸ਼ ਬੋਲਦੀ ਆਂ!
ਕਿ-
ਮਾਨਵਤਾ ਦਾ ਪਾਠ
ਪੜ੍ਹਾਉਣ ਵਾਲਿਆਂ
ਦੇ ਮੂੰਹ ਉਪਰ
ਛਿਕਲੀ  ਲੱਗ ਗਈ ਆ!
ਕਿਸੇ ਨਿਹੱਥੇ
ਬੇਦੋਸ਼ੇ
ਗਰੀਬ ਨੂੰ
ਬੰਨ੍ਹ ਕੇ,
 ਕੁੱਟ ਕੇ
ਧੌਣ 'ਤੇ
 ਗੋਡਾ ,                                 
ਸੰਘੀ 'ਤੇ
ਅੰਗੂਠਾ ਰੱਖਕੇ
ਮਨਚਾਹੇ ਬੋਲ
ਬੁਲਾਕੇ,
ਬਲੀ ਲੈਣੀ
ਕਿਹੜਾ ਧਰਮ ਸਿਖਾਉੰਦਾ?
ਉਹ ਜਦੋਂ
ਮੈਨੂੰ ਪਿੰਡੋਂ ਲੈ ਕੇ ਤੁਰੇ ਸੀ,
ਉਦੋਂ ਹੀ
ਮੇਰਾ ਮੱਥਾ ਠਣਕਿਆ ਸੀ!
ਕਿ-
ਕੋਈ ਅਣ-ਹੋਣੀ ਹੋਵੇਗੀ!
ਹੁਣ ਮੈਂ ਨਹੀਂ
ਮੇਰੀ ਲਾਸ਼ ਆਵੇਗੀ !
ਤੇ ਉਹ
ਮੇਰੇ ਦਾਹ ਸਸਕਾਰ 'ਤੇ  ਭੜਕਣਗੇ!
ਲਾਂਬੂ ਲਾਉਣ ਤੋਂ
ਰੋਕਣਗੇ!
ਉਨ੍ਹਾਂ ਨੂੰ
ਮੇਰੇ ਬੇਦੋਸ਼ੇ
ਮਾਪੇ ਵਿਹੁ ਲੱਗਣਗੇ!
 ਮੇਰੇ ਬੱਚਿਆਂ ਨੂੰ
 ਡੱਸਣਗੇ!
ਮੇਰੀ ਵਿਧਵਾ ਨੂੰ,
ਮੇਰੀ ਹਮਸਾਈ ਨੂੰ ,
ਅਨੋਖੇ
ਸੁਆਲ ਪੁੱਛਣਗੇ!
'ਰੱਬ ਦੇ ਬੰਦੇ'
ਮੇਰੀਆਂ ਧੀਆਂ
ਦੇ ਸਿਰ 'ਤੇ
ਹੱਥ ਨਹੀਂ
 ਨਫਰਤ ਦੀ ਚਾਦਰ ਰੱਖਣਗੇ!
ਉਹ ਮੇਰੀ
ਲਾਸ਼ ਨੂੰ ਲੈ ਕੇ
ਸਿਆਸਤ ਕਰਨਗੇ!
ਅਖਬਾਰ ਸੁਰਖੀਆਂ
ਨਾਲ ਭਰਨਗੇ!
ਚੈਨਲ ਗੱਲਾਂ ਕਰਨਗੇ!
'ਰੱਬ ਦੇ ਬੰਦੇ'
ਜਹਿਰ ਉੱਗਲਣਗੇ!
ਕੰਜਕਾਂ ਪੂਜਣ ਵਾਲੇ
ਮੇਰੀਆਂ ਧੀਆਂ ਨਾਲ
ਵਿਤਕਰਾ ਕਰਨਗੇ!
ਮੈਂ-
ਮਾਰ ਕੇ ਟੰਗੇ ਕਾਂ
ਵਾਂਗੂੰ
ਬੈਰੀਕੇਡ ਤੋਂ ਲਟਕਦੀ
ਲਾਸ਼
ਬੋਲਦੀ ਆਂ
ਕਿ-
ਇਥੇ -
'ਤਕੜੇ ਦਾ ਸੱਤੀੰ ਵੀਹੀੰ ਸੌ ਹੁੰਦੈ'
ਪਰ -
ਮੇਰੀ ਲਾਸ਼ ਚੋਂ
ਨਿਕਲਿਆ
ਲਹੂ ਦਾ ਇਕ ਇਕ ਤੁਪਕਾ
ਸਮਾਂ ਆਉਣ 'ਤੇ
ਥੋਡੇ ਤੋਂ
ਹਿਸਾਬ ਜਰੂਰ ਮੰਗੇਗਾ!
ਪਰ-
'ਰੱਬ ਦੇ ਬੰਦੇ'
ਆਪਣੀਆਂ ਕਲਮਾਂ ਦੀ
 ਜਹਿਰੀ ਸਿਆਹੀ ਨਾਲ
ਮੇਰੀ ਮੌਤ ਦੀ
ਘਟਨਾ ਨੂੰ
ਤੋੜ , ਮਰੋੜ ਕੇ
ਰੱਖਣਗੇ!
ਕਿਤਾਬਾਂ ਦੇ ਸਫੇ
ਭਰਨਗੇ!
ਕਿਉਂਕਿ -
ਸਾਡੇ ਬੁੱਧੀਜੀਵੀ
ਸੱਚ ਨੂੰ ਝੂਠ,
 ਝੂਠ ਨੂੰ ਸੱਚ
ਵਿਚ ਤਬਦੀਲ ਕਰਨ ਵਿਚ
ਸਦੀਆਂ ਤੋਂ ਮੁਹਾਰਤ
ਰੱਖਦੇ  ਨੇ!
ਉਹ -
ਇਤਿਹਾਸ ਨੂੰ ਮਿਥਿਹਾਸ,
 ਮਿਥਿਹਾਸ ਨੂੰ ਇਤਿਹਾਸ
ਬਣਾਕੇ
ਆਉਣ ਵਾਲੀਆਂ
ਪੀੜ੍ਹੀਆਂ ਦੇ
ਅੱਖੀਂ ਘੱਟਾ ਪਾਉਣਗੇ !
'ਅਣ-ਮਨੁੱਖੀ ਕਾਰੇ' ਨੂੰ
 ਮਹਾਨ ਕਾਰਨਾਮਾ ਦਰਸਾਉਣਗੇ!
ਮੇਰੀ ਮੌਤ ਪਿੱਛੋਂ
ਮੈਨੂੰ
 ਤੇ ਮੇਰੇ ਪਰਿਵਾਰ ਨੂੰ
ਦੋਸ਼ੀ ਬਣਾਉਣਗੇ!
ਮੈਂ ਲਾਸ਼ ਬੋਲਦੀ ਆਂ!
ਕਿ-
ਅਸਲ ਵਿਚ
'ਮੇਰੀ ਪਤਨੀ ਤਾਂ
ਉਦੋਂ ਹੀ ਵਿਧਵਾ
ਹੋ ਗਈ ਸੀ,
ਜਦੋਂ ਉਹ -
ਮੈਨੂੰ ਕਾਗਜ ਦੀ ਪੁੜੀ ਵਿਚ
'ਨਸ਼ਾ' ਲਪੇਟ ਕੇ
ਦੇ ਗਏ ਸਨ!
-ਸੁਖਦੇਵ ਸਲੇਮਪੁਰੀ
09780620233
30 ਅਕਤੂਬਰ, 2021