ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਮੁਹਿੰਮ ਆਰੰਭ ਹੋਈ

ਜਗਰਾਓਂ 24 ਅਕਤੂਬਰ (ਅਮਿਤ ਖੰਨਾ):ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਪੀ ਡੀ ਜੈਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਮੁਹਿੰਮ ਅੱਜ ਆਰੰਭ ਹੋਈ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਵਿਖੇ ਫੌਗਿੰਗ ਦੀ ਸੇਵਾ ਦੇ ਕੰਮ ਦਾ ਉਦਘਾਟਨ ਕਰਦਿਆਂ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਸੇਵਾ ਉਹੀ ਸਫਲ ਹੈ ਜਿਹੜੀ ਜ਼ਰੂਰਤ ਮੁਤਾਬਕ ਮੌਕੇ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਂਗੂ ਦੇ ਪ੍ਰਕੋਪ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਘਰ ਘਰ ਡੇਂਗੂ ਨਾਲ ਪੀੜਤ ਮਰੀਜ਼ ਹਨ। ਉਨ੍ਹਾਂ ਕਿਹਾ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਡੇਂਗੂ ਦੀ ਰੋਕਥਾਮ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਪਰ ਅਜਿਹਾ ਨਹੀਂ ਹੋਇਆ ਇਸ ਲਈ ਸੁਸਾਇਟੀ ਨੇ ਇਹ ਮੁਹਿੰਮ ਆਰੰਭੀ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪੀ ਡੀ ਜੈਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਿਆਂਦੀ ਨਵੀਂ ਫੌਗਿੰਗ ਮਸ਼ੀਨ ਨਾਲ ਡੇਂਗੂ ਤੋਂ ਸ਼ਹਿਰ ਨੂੰ ਮੁਕਤ ਕਰਵਾਉਣ ਲਈ ਨਵਾਂ ਪ੍ਰਾਜੈਕਟ ਅੱਜ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਗੁਰੂ ਕ੍ਰਿਪਾ ਆਸਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਮੋਤੀ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਹੀਰਾ ਬਾਗ਼ ਦੇ ਇਲਾਕੇ ਵਿਚ ਫੌਗਿੰਗ ਕੀਤੀ ਗਈ ਹੈ ਅਤੇ ਸੋਮਵਾਰ ਨੂੰ ਕੱਚਾ ਮਲਕ ਰੋਡ, ਪੰਜਾਬੀ ਬਾਗ਼, ਗੁਲਾਬੀ ਬਾਗ਼ ਅਤੇ ਜੀਵਨ ਸਿੰਘ ਬਸਤੀ ਵਿਚ ਫੌਗਿੰਗ ਕੀਤੀ ਜਾਵੇਗੀ ਤਾਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸੁਸਾਇਟੀ ਵੱਲੋਂ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਸੰਜੀਵ ਚੋਪੜਾ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ, ਪ੍ਰਸ਼ੋਤਮ ਅਗਰਵਾਲ, ਵਿਨੋਦ ਬਾਂਸਲ, ਆਰ ਕੇ ਗੋਇਲ, ਇਕਬਾਲ ਸਿੰਘ ਕਟਾਰੀਆ, ਪ੍ਰਵੀਨ ਜੈਨ, ਮਨੋਹਰ ਸਿੰਘ ਟੱਕਰ ਆਦਿ ਹਾਜ਼ਰ ਸਨ।