ਨਿਹੰਗ ਅਮਨ ਸਿੰਘ ਖ਼ਿਲਾਫ਼ ਮਹਿਲ ਕਲਾਂ ਥਾਣੇ ਵਿਖੇ 9 ਕੁਇੰਟਲ ਗਾਂਜੇ ਦਾ ਪਰਚਾ ਦਰਜ

ਮਹਿਲ ਕਲਾਂ/ ਬਰਨਾਲਾ- 22 ਅਕਤੂਬਰ- (ਗੁਰਸੇਵਕ ਸੋਹੀ ) ਸਿੰਘੂ ਬਾਰਡਰ ਤੇ ਹੋਏ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਅਤੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਤੇ ਭਾਜਪਾ ਆਗੂਆਂ ਸਮੇਤ ਪਿੰਕੀ ਕੈਟ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਆਏ ਨਿਹੰਗ ਅਮਨ ਸਿੰਘ ਸੁਰਖੀਆਂ ਚ ਬਣੇ ਹੋਏ ਹਨ। ਪੁਲੀਸ ਥਾਣਾ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਖ਼ਿਲਾਫ਼ 9 ਕੁਇੰਟਲ ਗਾਂਜਾ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ ਪੁਲਸ ਵੱਲੋਂ 2018 ਵਿਚ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ 7 ਵਿਅਕਤੀ ਜਰਨੈਲ ਸਿੰਘ ਬਰਨਾਲਾ,ਰੇਸ਼ਮ ਸਿੰਘ ਬਰਨਾਲਾ, ਹਰਜੀਤ ਸਿੰਘ ਬਰਨਾਲਾ, ਕੁਲਵਿੰਦਰ ਸਿੰਘ ਬਰਨਾਲਾ,ਭਲਵਾਨ ਸਿੰਘ ਵਾਸੀ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਸੀ। ਸੀ ਆਈ ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਪੁਲਸ ਪਾਰਟੀ ਵੱਲੋਂ 14.01.2018 ਨੂੰ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।ਪੁਲਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਤੋਂ 26-26 ਕਿਲੋ ਦੀਆਂ 35 ਬੋਰੀਆਂ ਗਾਂਜਾ ਬਰਾਮਦ ਕੀਤਾ ਗਿਆ ਸੀ। ਦੋਸ਼ੀ ਵਿਅਕਤੀਆਂ ਤੋਂ ਪੁੱਛ ਗਿੱਛ ਦੌਰਾਨ ਨਹਿੰਗ ਅਮਨ ਸਿੰਘ ਪੁੱਤਰ ਗਿਆਨ ਸਿੰਘ ਬਬਨਪੁਰ ਤੇ 2 ਹੋਰ ਦੋਸ਼ੀਆਂ ਨੂੰ ਇਸ ਮਾਮਲੇ ਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਚ ਨਿਹੰਗ ਅਮਨ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲਾਈ ਹੋਈ ਸੀ। ਪਿਛਲੇ ਦਿਨੀਂ ਲਖਵੀਰ ਸਿੰਘ ਨਾਮੀ ਇਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਅਮਨ ਸਿੰਘ ਚਰਚਾ ਵਿੱਚ ਹੈ। ਇਸ ਮੌਕੇ ਸੋਸ਼ਲ ਸਾਈਟਾਂ ਤੇ ਇਹ ਚਰਚਾ ਜ਼ੋਰਾਂ ਤੇ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਕਿਸੇ ਵਿਅਕਤੀ ਨੂੰ ਨਿਹੰਗ ਦਲ ਵਿੱਚ ਸ਼ਾਮਲ ਕਰਨ ਸਮੇਂ ਉਸ ਦਾ ਅੱਗਾ ਪਿੱਛਾ ਨਹੀਂ ਦੇਖਦੇ, ਨਸ਼ਿਆਂ ਦੀ ਤਸਕਰੀ ਚ ਨਾਮਜ਼ਦ ਵਿਅਕਤੀਆਂ ਨੂੰ ਨਿਹੰਗ ਦਲਾਂ ਵਿੱਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਬਨ ਪਰ ਸੰਗਰੂਰ ਨਿਵਾਸੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਅਤਿ ਗ਼ਰੀਬੀ ਚੋਂ ਦਿਨ ਗੁਜ਼ਾਰ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਨਿਹੰਗ ਅਮਨਦੀਪ ਸਿੰਘ ਨੇ ਘਰ ਵੱਲ ਫੇਰੀ ਵੀ ਨਹੀਂ ਪਾਈ, ਸਗੋਂ ਉਸ ਦੇ ਮਾਪਿਆਂ ਵੱਲੋਂ ਉਸ ਨੂੰ ਬੇਦਖਲ ਵੀ ਕੀਤਾ ਹੋਇਆ ਹੈ। ਇਸ ਦਰਜ ਹੋਏ ਮਾਮਲੇ ਦੀ ਪੁਸ਼ਟੀ ਪੁਲੀਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ ਨੇ ਕੀਤੀ। ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਹਿਲ ਕਲਾਂ ਪੁਲਸ ਵੱਲੋਂ ਆਉਂਦੇ ਦਿਨਾਂ ਚ ਚਲਾਨ ਪੇਸ਼ ਕਰ ਦਿੱਤਾ ਜਾਵੇਗਾ।