ਖੂਨ ਦੀ ਬਰਸਾਤ ✍️ਸਲੇਮਪੁਰੀ ਦੀ ਚੂੰਢੀ

ਮਨੁੱਖ ਦੀ ਵਾਹ ਚੱਲਦੀ
ਤਾਂ
ਅਕਾਸ਼ ਵਿੱਚ ਵੀ
ਧਰਮ ਦੀਆਂ,
ਜਾਤਾਂ-ਕੁਜਾਤਾਂ ਦੀਆਂ,
ਨਸਲਾਂ ਦੀਆਂ,
ਕਬੀਲਿਆਂ ਦੀਆਂ,
ਕੰਡਿਆਲੀ ਤਾਰਾਂ ਦੀਆਂ
ਕੰਧਾਂ ਉਸਾਰੀਆਂ
ਹੋਣੀਆਂ ਸੀ!
ਫਿਰ ਸਾਇਬੇਰੀਆ ਤੋਂ
ਕੂੰਜਾਂ ਦੇ ਕਾਫਲੇ
ਹਰੀਕੇ ਪੱਤਣ
ਨਹੀਂ ਸੀ ਆਉਣੇ,
ਸਗੋਂ -
ਅਕਾਸ਼ ਵਿੱਚੋਂ
ਟੁੱਟਦੇ ਤਾਰਿਆਂ
ਥਾਂ ਦੀ
ਬੇਰਹਿਮੀ ਨਾਲ
ਕੂੰਜਾਂ  ਦੇ ਵੱਢੇ ਖੰਭ,
ਜਖਮੀ ਪਹੁੰਚੇ
ਡਿੱਗਦੇ ਦਿਖਾਈ ਦੇਣੇ ਸੀ!
 ਹੱਦਾਂ ਬੰਨੇ
ਤੋੜ ਕੇ
ਇੱਧਰ, ਉਧਰ ਜਾਂਦੀਆਂ
ਚਿੜੀਆਂ ਦੀ
 ਚੀੰ-ਚੀੰ
ਦੀ ਥਾਂ
 ਚਿੜੀਆਂ ਦੇ  
ਰੋਣ ਦੀ ਅਵਾਜ
 ਸੁਣਾਈ ਦੇਣੀ ਸੀ!
ਅਕਾਸ਼ ਵਿੱਚ ਉਡਾਰੀਆਂ
ਮਾਰਦੀਆਂ
ਗੁਟਾਰਾਂ ਦੇ
ਚਿਹਰਿਆਂ 'ਤੇ
ਹਾਸੇ ਨਹੀਂ,
ਸਗੋਂ
 ਉਦਾਸੀ ਦੇ ਬੱਦਲ
ਛਾਏ ਹੋਣੇ ਸੀ!
ਸ਼ੁਕਰ ਆ!
ਪੰਛੀਆਂ ਨੇ
 ਮਨੁੱਖ ਤੋਂ
ਧਰਮ ਦਾ,
ਜਾਤ ਦਾ,
ਨਸਲ ਦਾ,
ਕਬੀਲਿਆਂ ਦੇ
ਵਿਤਕਰਿਆਂ ਦਾ
ਪਾਠ ਨਹੀਂ ਸਿੱਖਿਆ
ਨਹੀਂ ਤਾਂ -
ਪੰਛੀਆਂ ਦੇ ਮੂੰਹਾਂ 'ਤੇ
ਉਂਗਲੀਆਂ !
ਅੱਖੀਆਂ 'ਤੇ
ਪੱਟੀਆਂ,
 ਕੰਨਾਂ ਵਿਚ
ਸਿੱਕੇ  !
ਹੱਥ-ਪੈਰ ਕੱਟੇ!
ਜੀਭਾਂ ਵੱਢੀਆਂ,
ਤੇ ਪਿੰਡੇ
ਲਹੂ-ਲੁਹਾਣ ਮਿਲਣੇ ਸੀ!
ਸ਼ਾਂਤੀ ਦਾ ਪ੍ਰਤੀਕ
ਘੁੱਗੀਆਂ, ਕਬੂਤਰਾਂ ਦੇ
 ਖੰਭਾਂ 'ਤੇ
ਅਹਿੰਸਾ, ਨਫਰਤਾਂ
ਦਾ ਸ਼ਬਦ
ਉੱਕਰਿਆ ਹੋਣਾ ਸੀ!
ਤੇ ਅਕਾਸ਼ ਵਿੱਚੋਂ
ਮੀਂਹ ਦੀ ਨਹੀਂ,
ਰੋਜ ਲਹੂ ਦੀ
ਮੋਹਲੇਧਾਰ
ਬਰਸਾਤ ਹੋਣੀ ਸੀ!
ਸੁਖਦੇਵ ਸਲੇਮਪੁਰੀ
09780620233
17 ਅਕਤੂਬਰ, 2021.