ਅੱਜ ਦੇ ਦਿਨ ਭਰਾ ਦਾ ਵਿਸ਼ਵਾਸ ਹਾਰਿਆ ਸੀ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦਾ ਦਿਨ ਸਾਨੂੰ ਇਸ ਗੱਲ ਲਈ ਚੇਤੰਨ ਕਰਦਾ ਹੈ ਕਿ ਕਦੀ ਵੀ ਕਿਸੇ ਭਰਾ ਦਾ ਭਰਾ ਧੋਖੇਬਾਜ਼ ਅਤੇ ਫਰੇਬੀ ਨਹੀਂ ਹੋਣਾ ਚਾਹੀਦਾ, ਕਿਉਂਕਿ ਧੋਖੇਬਾਜ ਭਰਾ ਸੋਨੇ ਦੀ ਲੰਕਾ ਤਬਾਹ ਕਰਵਾ ਦਿੰਦਾ ਹੈ। ਦੋਸਤੋ ਲਾਲਚ ਬਹੁਤ ਬੁਰੀ ਬਲਾ ਹੁੰਦੀ ਹੈ ਤਾਂ ਹੀ ਤਾਂ ਅੱਜ ਇੱਕ ਇੱਕ ਇੰਚ ਲਈ ਭਰਾ ਭਰਾ ਨੂੰ ਮਾਰ ਰਿਹਾ ਹੈ।
ਅੱਜ ਦਾ ਦਿਨ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਮਹਾਤਮਾ ਰਾਵਣ ਵਰਗਾ ਭਰਾ ਹਰ ਭੈਣ ਨੂੰ ਮਿਲਣਾ ਚਾਹੀਦਾ ਹੈ, ਜਿਹੜਾ ਆਪਣੀ ਭੈਣ ਦੀ ਬੇਪਤੀ ਦਾ ਬਦਲਾ ਲੈ ਸਕੇ ਤਾਂ ਜੋ ਅੱਜ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬਜੁਰਗ ਔਰਤ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। 
ਅੱਜ ਕੋਈ ਵੀ ਔਰਤ ਨਾ ਤਾਂ ਘਰ ਵਿਚ ਅਤੇ ਨਾ ਹੀ ਘਰ ਤੋਂ ਬਾਹਰ ਸੁਰੱਖਿਅਤ ਹੈ।
ਅੱਜ ਦਾ ਦਿਨ ਬਹੁਤ ਹੀ ਅਫਸੋਸਜਨਕ ਦਿਨ ਹੈ, ਕਿਉਂਕਿ ਅੱਜ ਦੇ ਦਿਨ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਟੁੱਟਿਆ ਸੀ, ਵਿਸ਼ਵਾਸ ਹਾਰਿਆ ਸੀ, ਜਿਸ ਕਾਰਨ ਇੱਕ ਮਹਾਨ ਵਿਦਵਾਨ ਅਤੇ ਯੋਧੇ ਦੀ ਮੌਤ ਹੋਈ ਸੀ। ਵਿਦਵਾਨਾਂ ਅਤੇ ਯੋਧਿਆਂ ਦੀਆਂ ਮੌਤਾਂ ਉਪਰ ਜਸ਼ਨ ਨਹੀਂ ਸੋਗ ਮਨਾਈਦਾ, ਸਗੋਂ ਜਿਹੜੇ ਪਤੀ  ਆਪਣੀ ਪਤਨੀ ਨੂੰ ਕੁੱਟਦੇ ਨੇ, ਮਾਰਦੇ ਨੇ, ਘਰੋਂ ਬਾਹਰ ਕੱਢ ਦਿੰਦੇ ਨੇ, ਜਮੀਨ, ਕੁਰਸੀ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਆਪਣੀ ਪਤਨੀ ਨੂੰ ਦੂਜੇ ਮਰਦਾਂ ਅੱਗੇ ਪੇਸ਼ ਕਰਦੇ ਨੇ, ਆਪਣੀ ਪਤਨੀ ਉਪਰ ਸ਼ੱਕ ਕਰਦੇ ਨੇ,ਜਾਂ ਜਿਹੜੇ ਭਰਾ ਆਪਣੀ ਭੈਣ ਦੀ ਰਾਖੀ ਕਰਨ ਵਿਚ ਨਾਕਾਮ ਹੁੰਦੇ ਹਨ, ਉਨ੍ਹਾਂ ਨੂੰ ਲਾਹਣਤਾਂ ਪਾਈ ਦੀਆਂ ਨੇ! 
ਦੋਸਤੋ! ਅੱਜ ਦਾ ਦਿਨ ਬੁਰਾਈ ਉਪਰ ਸੱਚਾਈ ਦੀ ਜਿੱਤ ਦਾ ਪ੍ਰਤੀਕ ਨਹੀਂ ਬਲਕਿ ਅੱਜ ਦੇ ਦਿਨ ਤਾਂ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਹਾਰਿਆ ਸੀ! 
ਜਦੋਂ ਇੱਕ ਭਰਾ ਦੀ ਬਦਨੀਤੀ ਅਤੇ ਬੇਈਮਾਨੀ ਨਾਲ ਭਰੀ ਮਾਨਸਿਕਤਾ ਨਾਲ ਦੂਜੇ ਭਰਾ ਦਾ ਘਰ ਤਬਾਹ ਹੋ ਜਾਵੇ, ਕਤਲ ਹੋ ਜਾਵੇ, ਅੰਤ ਹੋ ਜਾਵੇ ਤਾਂ ਮਠਿਆਈਆਂ ਨਹੀਂ ਵੰਡੀ ਦੀਆਂ, ਖੁਸ਼ੀਆਂ ਨਹੀਂ ਮਨਾਈ ਦੀਆਂ, ਜਸ਼ਨ ਨਹੀਂ ਕਰੀ ਦੇ ਸਗੋਂ ਦਿਮਾਗ ਨਾਲ ਸੋਚੀਦਾ, ਵਿਚਾਰੀ ਦਾ  ਤਾਂ ਜੋ ਭਵਿੱਖ ਵਿਚ ਜਿਹੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ, ਕਿਉਂਕਿ ਕੱਲ੍ਹ ਨੂੰ ਖੁਦ ਸਾਡੇ ਨਾਲ ਵੀ ਅਜਿਹਾ ਮਾੜਾ ਵਾਪਰਦਾ ਸਕਦਾ ਹੈ। 
ਸੱਚ ਤਾਂ ਇਹ ਵੀ ਹੈ ਕਿ-
 'ਤਿਉਹਾਰ ਆਮ ਲੋਕਾਂ ਲਈ
 ਨੁਕਸਾਨ ਹੁੰਦੇ ਨੇ! 
 ਵਪਾਰੀ 'ਤੇ ਪੁਜਾਰੀ ਲਈ
 ਵਰਦਾਨ ਹੁੰਦੇ ਨੇ! 
-ਸੁਖਦੇਵ ਸਲੇਮਪੁਰੀ
09780620233
15 ਅਕਤੂਬਰ, 2021.