ਮਾਲਵਾ ਪੱਟੀ ’ਚ ਗਰਮੀ ਨੇ ਕੱਢੇ ਵੱਟ, ਪਾਰਾ 44 ਡਿਗਰੀ ਦੇ ਪਾਰ ਫ਼ਰੀਦਕੋਟ,ਜੂਨ 2019-

ਮਾਲਵਾ ਪੱਟੀ ’ਚ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਕੜਿੱਲ ਕੱਢ ਰੱਖੇ ਹਨ। ਪਾਰਾ 44 ਡਿਗਰੀ ਤੋਂ ਵੀ ਉੱਪਰ ਜਾਣ ਕਰ ਕੇ ਪੂਰਾ ਮਾਲਵਾ ਖਿੱਤਾ ਤੰਦੂਰ ਵਾਂਗ ਤਪ ਗਿਆ ਹੈ। ਲੋਕ ਪਸੀਨੋ ਪਸੀਨੀ ਹੋਏ ਪਏ ਹਨ। ਪਿਛਲੇ ਦਿਨਾਂ ਤੋਂ ਚੱਲ ਰਹੀ ਨਹਿਰ ਬੰਦੀ ਨੇ ਗਰਮੀ ਦਾ ਕਹਿਰ ਹੋਰ ਵਧਾ ਦਿੱਤਾ ਹੈ। ਨਹਿਰੀ ਬੰਦੀ ਕਾਰਨ ਪੀਣ ਦੇ ਪਾਣੀ ਦੀ ਵੀ ਭਾਰੀ ਕਿੱਲਤ ਹੋ ਗਈ ਹੈ। ਅੱਜ ਦੁਪਹਿਰੇ ਮਾਨਸਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਗਰਮੀ ਕਾਰਨ ਸੜਕਾਂ ’ਤੇ ਸੁੰਨ ਪਸਰੀ ਰਹੀ। ਦੋਪਹੀਆ ਵਾਹਨਾਂ ਦੀ ਆਵਾਜਾਈ ਨਾ ਮਾਤਰ ਰਹੀ। ਮਜਬੂਰੀ ਵੱਸ ਜਿਹੜੇ ਲੋਕ ਸਫਰ ਕਰ ਰਹੇ ਸਨ, ਉਹ ਵੀ ਮੂੰਹ ਸਿਰ ਲਪੇਟ ਕੇ ਅਤੇ ਧੀਮੀ ਰਫ਼ਤਾਰ ਵਿੱਚ ਤੁਰਦੇ ਵੇਖੇ ਗਏ। ਬੱਸਾਂ ਵਿੱਚ ਸਫਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਭਾਰੀ ਕਮੀ ਆਈ ਹੈ। ਪੱਖੇ , ਕੂਲਰ ਅਤੇ ਏ ਸੀ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਦਿਵਾ ਰਹੇ। ਗਰਮੀ ਕਾਰਨ ਠੰਡਿਆਂ ਦੀ ਵਿਕਰੀ ’ਚ ਵਾਧਾ ਹੋਇਆ ਹੈ। ਗੰਨੇ ਦੇ ਰਸ ਦੀ ਮੰਗ ਵਧਣ ਕਰ ਕੇ ਗੰਨੇ ਦਾ ਭਾਅ ਦੁੱਗਣਾ ਹੋ ਗਿਆ ਹੈ। ਬਰਫ਼ ਦਾ ਭਾਅ ਵੀ ਡੇਢਾ ਹੋ ਗਿਆ ਹੈ। ਪੰਜਾਹ ਕਿੱਲੋ ਦੀ ਡੇਢ ਸੌ ਰੁਪਏ ਵਿੱਚ ਮਿਲਣ ਵਾਲੀ ਬਰਫ ਦੀ ਸਿੱਲ੍ਹ ਹੁਣ ਸਵਾ ਦੋ ਸੌ ਤੋਂ ਵੀ ਉੱਪਰ ਚਲੀ ਗਈ ਹੈ। ਗਰਮੀ ਨੇ ਸਬਜ਼ੀ ਵਿਕਰੇਤਾਵਾਂ ਦਾ ਵੀ ਬੁਰਾ ਹਾਲ ਕਰ ਰੱਖਿਆ ਹੈ। ਮੰਡੀਆਂ ’ਚ ਰੇੜ੍ਹੀਆਂ ’ਤੇ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਸਬਜ਼ੀ ਨੂੰ ਤਰੋਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਲੋਕ ਕੁਮਲਾਈ ਅਤੇ ਬੁਸੀ ਸਬਜ਼ੀ ਨਹੀਂ ਖਰੀਦਦੇ। ਕੁੱਝ ਦੁਕਾਨਦਾਰਾਂ ਨੇ ਜ਼ਿਆਦਾ ਗਰਮੀ ਨੂੰ ਵੇਖਦਿਆਂ ਸਬਜ਼ੀਆਂ ਦੀ ਖਰੀਦ ਹੀ ਅੱਧੀ ਕਰ ਦਿੱਤੀ ਹੈ, ਜਿਸ ਕਰ ਕੇ ਸਬਜ਼ੀਆਂ ਦੇ ਭਾਅ ਡਿੱਗ ਗਏ ਹਨ।