ਸਿੱਖਾਂ ’ਤੇ ਹਮਲੇ ਦਾ ਨੋਟਿਸ ਲਿਆ

ਅੰਮ੍ਰਿਤਸਰ,  ਜੂਨ 2019 ਕਸ਼ਮੀਰੀ ਪੰਡਿਤਾਂ ਵੱਲੋਂ ਕਸ਼ਮੀਰ ਦੀ ਮਾਈਗ੍ਰੇਟ ਕਲੋਨੀ ਵਿਚ ਕੁਝ ਸਿੱਖਾਂ ’ਤੇ ਕੀਤੇ ਹਮਲੇ ਬਾਰੇ ਖ਼ਬਰ ਦਾ ਨੋਟਿਸ ਲੈਂਦਿਆਂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜੇਕਰ ਕਸ਼ਮੀਰੀ ਸਿੱਖਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੇ ਤੌਰ ‘ਤੇ ਮੋਦੀ ਤੇ ਅਮਿਤ ਸ਼ਾਹ ਜ਼ਿੰਮੇਵਾਰ ਹੋਣਗੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਤੇ ਬਲਵਿੰਦਰ ਸਿੰਘ ਖੋਜਕੀਪੁਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਦੀ ਸ਼ਹਿ ’ਤੇ ਭੂਤਰੇ ਹੋਏ ਕਸ਼ਮੀਰੀ ਪੰਡਿਤਾਂ ਤੇ ਆਰ.ਐਸ.ਐਸ ਨੇ ਕਸ਼ਮੀਰ ਦੀ ਸਿੱਖ ਘੱਟ-ਗਿਣਤੀ ਨੂੰ ਡਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਭਾਰਤ ਦੇ ਨਵੇਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਘਟ-ਗਿਣਤੀਆਂ ਪ੍ਰਤੀ ਨੀਤੀ ਦਾ ਸੰਕੇਤ ਵੀ ਹੈ। ਫੈਡਰੇਸ਼ਨ ਨੇਤਾਵਾਂ ਕਿਹਾ ਕਿ ਕਸ਼ਮੀਰ ਦੇ ਸਿੱਖ ਲਾਵਾਰਸ ਨਹੀਂ ਹਨ, ਭਾਰਤ ਦਾ ਹਰ ਸਿੱਖ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਅਗਰ ਗਲਤੀ ਕਿਸੇ ਸਿੱਖ ਦੀ ਸੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਸੀ ਪਰ ਆਰਐੱਸਐੱਸ ਦੀ ਸ਼ਹਿ ‘ਤੇ ਕਸ਼ਮੀਰੀ ਪੰਡਿਤਾਂ ਨੇ ਕਾਨੂੰਨ ਹੱਥ ’ਚ ਲੈਣ ਦੀ ਜੁਰਅਤ ਕੀਤੀ ਹੈ ਜਿਸਨੂੰ ਫੈਡਰੇਸ਼ਨ ਬਰਦਾਸ਼ਤ ਨਹੀਂ ਕਰੇਗੀ। ਭੋਮਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਇੱਕ ਹਫਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।