ਜਗਰਾਂਉ ਦੇ ਕਿਸਾਨ ਵੱਲੋਂ ਪਿਛਲੇ 5 ਸਾਲਾਂ ਤੋਂ ਖੇਤਾਂ 'ਚ ਵਾਹੀ ਜਾ ਰਹੀ ਪਰਾਲੀ, ਖਾਦਾਂ ਦੀ ਵਰਤੋਂ 'ਚ ਵੀ ਆਈ ਗਿਰਾਵਟ

ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾ 'ਚ ਵਾਹੁਣਾ, ਬੇਹੱਦ ਲਾਹੇਵੰਦ
ਜਗਰਾਉਂ, 22 ਸਤੰਬਰ (ਅਮਿਤ ਖੰਨਾ ,ਪੱਪੂ  ) - ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਨਾ ਸਿਰਫ ਪਰਾਲੀ ਸਾੜਨ ਦੇ ਖਤਰੇ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਬਲਕਿ ਪਿਛਲੇ ਕੁਝ ਸਾਲਾਂ ਤੋਂ ਖੇਤਾਂ ਵਿੱਚ ਹੀ ਪਰਾਲੀ ਨੂੰ ਵਾਹ ਰਹੇ ਕਿਸਾਨਾਂ ਨੂੰ ਬਹੁਤ ਲਾਭ ਪ੍ਰਦਾਨ ਕਰ ਰਿਹਾ ਹੈ।ਖੇਤਾਂ ਵਿੱਚ ਪਰਾਲੀ ਨੂੰ ਵਾਹੁਣ ਵਾਲੇ ਕਿਸਾਨ, ਜਿੱਥੇ ਖਾਦਾਂ 'ਤੇ ਆਪਣਾ ਪੈਸਾ ਬਚਾ ਰਹੇ ਹਨ ਓਥੇ ਹੀ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਰਿਹਾ ਹੈ।
ਜਗਰਾਉਂ ਦੇ ਅਗਵਰ ਪੋਨਾ ਪਿੰਡ ਦੇ ਕਿਸਾਨ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਨ-ਸੀਟੂ ਤਕਨੀਕ ਰਾਹੀਂ ਪਰਾਲੀ ਨੂੰ ਸਾਂਭ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸਦੇ ਖੇਤ ਵਿੱਚ 20 ਫੀਸਦੀ ਘੱਟ ਡੀ.ਏ.ਪੀ. ਅਤੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਸਿੱਟੇ ਵਜੋਂ ਮਿੱਟੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ'।
ਉਨ੍ਹਾਂ ਅੱਗੇ ਕਿਹਾ ਕਿ ਉਹ ਪਰਾਲੀ ਸਾਂਭਲ ਲਈ ਝੋਨੇ ਦੀ ਕਟਾਈ ਐਸ.ਐਮ.ਐਸ. ਸੰਯੁਕਤ ਕੰਬਾਈਨ ਨਾਲ ਕਰਨ ਉਪਰੰਤ ਚੌਪਰ ਦੀ ਵਰਤੋਂ ਕਰਕੇ ਕਰਚਿਆਂ ਨੂੰ ਕੁਤਰਦਾ ਹੈ ਅਤੇ ਮਿੱਟੀ ਵਿੱਚ ਵਾਹਿਆ ਜਾਂਦਾ ਹੈ ਜਿਸ ਕਾਰਨ ਆਲੂ ਦੀ ਫਸਲ ਦਾ ਝਾੜ ਬਹੁਤ ਵਧਿਆ ਹੈ ਅਤੇ ਖਾਦਾਂ 'ਤੇ ਨਿਰਭਰਤਾ ਵੀ ਘੱਟ ਗਈ ਹੈ .ਪਰਾਲੀ ਪ੍ਰਬੰਧਨ ਦੇ ਲਾਭਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ, ਕਿਸਾਨ ਲਖਵਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਕਰਕੇ ਜ਼ਮੀਨ ਨਰਮ ਪੈ ਗਈ ਹੈ ਜਿਸ ਨਾਲ ਕਣਕ, ਮੂੰਗੀ ਅਤੇ ਆਲੂ ਦੇ ਝਾੜ ਵਿੱਚ ਜ਼ਮੀਨ ਮਹੱਤਵਪੂਰਨ ਵਾਧਾ ਹੋਇਆ ਹੈ।ਖੇਤੀਬਾੜੀ ਵਿਕਾਸ ਅਫਸਰ (ਏ.ਡੀ.ਓ) ਡਾ. ਰਮਿੰਦਰ ਸਿੰਘ ਨੇ ਕਿਹਾ ਕਿ ਜੇ ਸਾਰੇ ਕਿਸਾਨ ਇਨ੍ਹਾਂ ਤਕਨੀਕਾਂ ਨੂੰ ਅਪਣਾਉਂਦੇ ਹਨ, ਤਾਂ ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਰਗੇ ਪੌਸ਼ਟਿਕ ਤੱਤਾਂ ਦੀ ਖਰੀਦ 'ਤੇ ਆਪਣੇ ਕਰੋੜਾਂ ਰੁਪਏ ਬਚਾ ਸਕਦੇ ਹਨ।ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਾਫ਼ੀ ਮਾਤਰਾ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨੂੰ ਵਧਾਏਗਾ। ਖੇਤੀਬਾੜੀ ਵਿਕਾਸ ਅਫਸਰ ਨੇ ਅੱਗੇ ਕਿਹਾ ਕਿ ਰਹਿੰਦ-ਖੂੰਹਦ ਮਿੱਟੀ ਨੂੰ ਹਵਾ ਅਤੇ ਪਾਣੀ ਦੇ ਨੁਕਸਾਨ ਤੋਂ ਬਚਾਉਣ ਅਤੇ ਕੀਮਤੀ ਪਾਣੀ ਨੂੰ ਸੰਭਾਲ ਕੇ ਮਿੱਟੀ ਨੂੰ ਠੰਡਾ ਰੱਖਣ ਵਿੱਚ ਸਹਾਇਤਾ ਕਰਦੀ ਹੈ।ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਤਹਿਦਿਲੋਂ ਅਪਣਾਉਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਕਿਸਾਨਾਂ ਅਤੇ ਜ਼ਮੀਨ ਲਈ ਬਹੁਤ ਖਤਰਨਾਕ ਹੈ, ਜਿਸ ਨੂੰ ਸਾਡੇ ਖੇਤੀਬਾੜੀ ਮਾਹਿਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਪ੍ਰਮੁੱਖ ਅਤੇ ਸੂਖਮ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।