You are here

ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣੇ ਜ਼ਿਲ੍ਹੇ ਦੇ ਬਲਾਕ ਦੀਆ ਪਿੰਡਾਂ ਇਕਾਈਆਂ ਦੇ ਅਹੁਦੇਦਾਰਾਂ ਦੀ ਟਿਕਰੀ ਬਾਰਡਰ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਟੀਕਰੀ ਬਾਰਡਰ ਤੇ ਕਿਸਾਨ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣਾ ਜਿਲੇ ਦੇ ਸਾਰੇ ਬਲਾਕਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਖਾਲਸਾ ਏਡ ਦੇ ਦਫਤਰ ਚ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਚ ਵਿਸੇਸ਼ ਤੌਰ ਤੇ ਇਸ ਸਮੇਂ ਪੰਹੁਚੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ  ਨੇ ਮੁੱਖ ਵਕਤਾ ਵਜੋਂ ਕਿਸਾਨ ਵਰਕਰਾਂ ਨਾਲ ਕਿਸਾਨ ਸੰਘਰਸ਼ ਦੀ ਮੋਜੂਦਾ ਦਸ਼ਾ ਤੇ ਦਿਸ਼ਾ ਬਾਰੇ ਖੁੱਲਾ ਸੰਵਾਦ ਰਚਾਇਆ। ਇਸ ਸਮੇਂ ਸਭ ਤੋਂ ਪਹਿਲਾਂ ਹੁਣ ਤਕ ਕਿਸਾਨ ਸੰਘਰਸ਼ ਚ ਸ਼ਹੀਦ ਹੋ ਗਏ  ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਨਾਂ ਅਪਣੇ ਸੰਬੋਧਨ ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਸਾਲ ਭਰ ਦੇ ਇਸ ਸ਼ਾਨਾਮੱਤੇ ਸੰਘਰਸ਼ ਚ ਹਰ ਪਿੰਡ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕਰਦਿਆਂ ਕਿਸਾਨ ਵਰਗ ਚ ਉਸਰੀ ਜਮਾਤੀ ਏਕਤਾ ,ਇਤਫਾਕ ਤੇ ਮੁਹੱਬਤ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੌਣੀ ਸਦੀ ਬਾਅਦ ਪੰਜਾਬੀਆਂ ਦੀ ਪਹਿਲਕਦਮੀ ਤੇ ਦੇਸ਼ ਭਰ ਚ ਮੋਜੂਦਾ ਲੁਟੇਰੇ ਸਾਮਰਾਜੀ ਕਾਰਪੋਰੇਟ ਪਰਬੰਧ ਦੀ ਖਸਲਤ ਤੋ ਲੋਕਾਂ ਨੂੰ ਜਾਣੂ ਕਰਾਉਣ ਚ ਕਾਮਯਾਬ ਹੋਏ ਹਾਂ।ਸਿਰਫ ਐਨਾ ਹੀ ਨਹੀਂ ਇਸ ਮਨੁੱਖ ਖਾਣੇ ਲੋਕ ਦੋਖੀ ਰਾਜਨੀਤਕ ਸਿਸਟਮ ਵਿਰੁੱਧ ਨਫਰਤ ਤਿੱਖੀ ਕਰਨ ਚ ਵੀ  ਕਿਸਾਨ ਅੰਦੋਲਨ ਕਾਮਯਾਬ ਹੋਇਆ ਹੈ।  ਐਨਾ ਹੀ ਨਹੀਂ ਦੂਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਦੀ ਆਸ ਦਾ ਕੇਂਦਰ ਇਕ ਲੁੱਟਰਹਿਤ ਸਮਾਜ ਦੀ ਸਿਰਜਣਾ ਦੀ ਉਮੀਦ ਨੂੰ ਪੈਂਦੇ ਬੂਰ ਵਜੋ ਇਕ ਨਵੇਂ ਉਭਾਰ ਦਾ ਮੁਨਾਰਾ ਵੀ ਇਹ ਅੰਦੋਲਨ ਬਣਿਆ ਹੈ।ਇਸ ਮਹਾਨ ਕਿਸਾਨ ਮਜ਼ਦੂਰ ਸੰਘਰਸ਼ ਦੀ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ  ਪੰਜਾਬ ਸਮੇਤ ਕਈ ਸੂਬਿਆਂ ਚ ਟੌਲ ਪਲਾਜਿਆਂ, ਮਾਲਜ, ਰੇਲ ਪਾਰਕਾਂ ਸਮੇਤ ਦਿੱਲੀ ਬਾਰਡਰਾਂ ਤੇ ਸਾਲ ਭਰ ਤੋਂ ਕਾਬਜ ਹੋ ਕੇ ਬਰਾਬਰ ਦੀ  ਮੁੱਢਲੀ ਸੱਤਾ ਖੜੀ ਕਰਕੇ ਭਾਜਪਾ ਹਕੂਮਤ ਨੂੰ ਅੰਦਰੋ ਪੂਰੀ ਤਰਾਂ ਹਿਲਾ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਦੇਸ਼ ਭਰ ਦੇ ਸਰਕਾਰੀ ਅਦਾਰਿਆਂ ਦਾ ਸੌਦਾ ਕਰਕੇ ਮੁਲਕ ਨੂੰ ਇਕ ਵੇਰ ਫਿਰ ਗੁਲਾਮ ਕਰਨ ਦੇ ਰਾਹ ਤੁਰੀ ਭਾਜਪਾ ਦੀ ਫਿਰਕੂ ਫਾਸ਼ੀਵਾਦੀ ਹਕੂਮਤ ਦਾ ਫਸਤਾ ਵੱਢਣਾ ਤੇ ਦੇਸ਼ ਦੀ ਕਿਰਤੀ ਜਮਾਤ ਨੂੰ ਇਕਜੁੱਟ ਤੇ ਜਥੇਬੰਦ ਕਰਨਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਸਾਮਰਾਜੀ ਸੰਸਥਾਵਾਂ ਦੇ  ਸਰਗਨੇ ਅਮਰੀਕਾ ਦੀ ਅਗਵਾਈ ਚ  ਸੰਸਾਰ ਭਰ ਦੇ ਹਵਸੀ ਕਾਰਪੋਰੇਟ ਦੂਨੀਆਂ ਭਰ ਦੀ ਧਨ ਦੌਲਤ ਅਪਣੇ ਕਬਜੇ ਚ ਕਰਨਾ ਚਾਹੁੰਦੇ ਹਨ। ਦੇਸ਼ ਦੀ ਸਨਅਤੀ ਪੈਦਾਵਾਰ ਅਤੇ ਸਰਕਾਰੀ ਅਦਾਰਿਆਂ ਤੇ ਕੰਟਰੋਲ ਸਥਾਪਤ ਕਰਨ ਤੋਂ ਬਾਅਦ ਹੁਣ ਖੇਤੀ ਸੈਕਟਰ ਚੋਂ ਵਡੇ ਮੁਨਾਫੇ ਬਟੋਰਨ ਲਈ ਇਹ ਖੇਤੀ ਦੇ ਕਾਲੇ ਕਨੂੰਨ ਲੈ ਕੇ ਆਏ ਹਨ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲੱਖ ਔਕੜਾਂ ਦੇ ਬਾਵਜੂਦ ਇਸ ਇਤਿਹਾਸਕ ਸੰਘਰਸ਼ ਨੂੰ ਬੜੀ ਦਲੇਰੀ ਤੇ ਸੁਚੱਜਤਾ ਨਾਲ ਚਲਾਇਆ ਹੈ , ਇਸ ਸਿਆਣਪ ਤੇ ਹਿੰਮਤ ਨੂੰ ਹੋਰ ਮਜਬੂਤ ਕਰਨਾ ਇਸ ਅੰਦੋਲਨ ਦੀ ਅਣਸਰਦੀ ਲੋੜ ਹੈ। ਇਸ ਸਮੇਂ ਸਮੂਹ ਕਾਰਕੁੰਨਾਂ ਨੇ ਵੀ ਅਪਣੇ ਵਿਚਾਰ ਤੇ ਸੁਝਾਅ ਰਖੇ ਅਤੇ ਕਈ ਨੁਕਤਿਆਂ ਦੀ ਸ਼ੰਕਾਨਿਵਰਤੀ ਕੀਤੀ। ਸਮੂਹ ਵਰਕਰਾਂ ਨੇ ਜਿਥੇ ਦਿਲੀ ਸੰਘਰਸ਼ ਮੋਰਚਿਆਂ ਤੇ ਗਿਣਤੀ ਤੇ ਅਨੁਸਾਸ਼ਨ ਵਧਾਉਣ ਦਾ ਵਚਨ ਦਿੱਤਾ ਊਥੇ ਪਿੰਡਾਂ ਚ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਪੂਰਾ ਤਾਣ ਲਾਉਣ ਦਾ ਵੀ ਫੈਸਲਾ ਕੀਤਾ। ਲੰਮੇ ਸੰਘਰਸ਼ ਦੀ ਸਫਲਤਾ ਲਈ ਨਵੇ ਪਿੰਡਾਂ ਚ ਇਕਾਈਆਂ ਖੜੀਆਂ ਕਰਨ, ਪਹਿਲੀਆਂ ਇਕਾਈਆਂ ਨੂੰ ਮਜਬੂਤ ਕਰਨ,  ਭਰਾਤਰੀ ਜਥੇਬੰਦੀਆਂ ਨਾਲ ਆਪਸੀ ਸਤਿਕਾਰ ਤੇ ਨੇੜਤਾ ਵਧਾਉਣ  ਦਾ ਵੀ ਫੈਸਲਾ ਕੀਤਾ ਗਿਆ।ਇਸ ਸਮੇਂ  ਸੁਖਵਿੰਦਰ ਸਿੰਘ ਹੰਬੜਾ,ਜਗਤਾਰ ਦੇਹੜਕਾ, ਕੁਲਵੰਤ ਸਿੰਘ ਭਦੌੜ,ਸਰਬਜੀਤ ਸਿੰਘ ਧੂੜਕੋਟ, ਧਰਮ ਸਿੰਘ ਸੂਜਾਪੁਰ,ਦਰਸ਼ਨ ਸਿੰਘ ਉਗੋਕੇ,ਭੋਲਾ ਸਿੰਘ, ਤਾਰਾ ਸਿੰਘ ਅੱਚਰਵਾਲ, ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ  ।