ਕਿਸਾਨਾਂ ਦੇ ਏਕੇ ਦੀ ਹੋਈ ਵੱਡੀ ਜਿੱਤ, ਰਾਏਕੋਟ ਬਰਨਾਲਾ ਰੋਡ ਤੇ ਚੱਲ ਰਿਹਾ ਧਰਨਾ ਸਮਾਪਤ  

ਲੁਧਿਆਣਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਨੇ ਲਿਆ ਸਖ਼ਤ ਸਟੈਂਡ  

ਗੋਬਿੰਦਗਡ਼੍ਹ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਤੇ ਹੋਈ ਕਾਰਵਾਈ 

ਪਿੰਡ ਵਾਸੀਆਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ  

ਰਾਏਕੋਟ- 15 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸਹਿਯੋਗੀ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਕੱਲ ਤੋਂ ਰਾਏਕੋਟ ਦੇ ਬਰਨਾਲਾ ਚੋੰਕ ਚ ਲਗਾਇਆ ਅਣਮਿੱਥੇ ਸਮੇਂ ਦਾ ਦਿਨ ਰਾਤ ਦਾ ਟ੍ਰੈਫਿਕ ਜਾਮ ਧਰਨਾ ਪੁਲਸ ਅਧਿਕਾਰੀਆਂ ਵੱਲੋਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਖਤਮ ਹੋ ਗਿਆ। ਉਪਰੰਤ ਮਹਿਲਕਲਾਂ, ਰਾਏਕੋਟ ,ਜਗਰਾਂਓ ਤੇ ਸੁਧਾਰ ਬਲਾਕ ਦੇ ਪਿੰਡਾਂ ਚੋ ਇਕੱਤਰ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਜੇਤੂ ਰੈਲੀ ਦੋਰਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਗਾਏ। ਬੀਤੀ 21 ਜੁਲਾਈ ਨੂੰ ਰਾਏਕੋਟ ਬਰਨਾਲਾ ਰੋਡ ਤੇ ਸਿਥਤ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਘਰੇਲੂ ਮਸਲੇ ਨੂੰ ਜਲਾਲਦੀਵਾਲ ਚੋਂਕੀ ਇੰਚਾਰਜ ਵੱਲੋਂ ਗਲਤ ਢੰਗ ਨਾਲ ਹੱਲ ਕਰਨ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟਾਉਣ ਤੇ ਚਾਰ ਥਾਣਿਆਂ ਦੀ ਪੁਲਸ ਵੱਲੋਂ ਰਾਤ ਸਮੇ ਨਾਲੇ ਪਿੰਡ ਦਾ ਕੁਟਾਪਾ ਕੀਤਾ ਗਿਆ ਤੇ ਨਾਲ ਹੀ 17 ਵਿਅਕਤੀਆਂ ਤੇ ਇਰਾਦਾ ਕਤਲ ਜਿਹੀਆਂ ਸੰਗੀਨ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਪੰਜ ਵਿਅਕਤੀਆਂ ਸਮੇਤ ਦੋ ਔਰਤਾਂ ਨੂੰ ਜੇਲ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਇਨ੍ਹਾਂ ਪੰਜਾਂ ਵਿਅਕਤੀਆਂ ਤੇ ਰਾਏਕੋਟ ਥਾਣੇ ਚ ਰਾਤ ਭਰ ਕੁਟਾਪਾ ਕਰਦਿਆਂ ਔਰਤਾਂ ਨੰ ਬੁਰੀ ਤਰਾਂ ਜਲੀਲ ਕੀਤਾ ਗਿਆ। ਇਹ ਪੰਜ ਵਿਅਕਤੀ ਬਾਅਦ ਚ ਜਮਾਨਤ ਤੇ ਰਿਹਾਅ ਹੋਏ। ਇਸ ਨੰਗੀ ਚਿੱਟੀ ਧੱਕੇਸ਼ਾਹੀ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਪਹਿਲਾਂ ਵੀ ਦੋ ਵਾਰ ਜਲਾਲਦੀਵਾਲ ਚੋਂਕੀ ਅੱਗੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਗਏ। ਮਾਮਲੇ ਦੀ ਪੜਤਾਲ ਦੀ ਮੰਗ ਕਰਨ ਅਤੇ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਕਨੂੰਨੀ ਕਾਰਵਾਈ ਕਰਨ ਅਤੇ ਪਿੰਡ ਵਾਸੀਆਂ ਤੇ ਦਰਜ ਝੂਠੇ ਪਰਚੇ ਰੱਦ ਕਰਨ ਦੀ ਮੰਗ ਤੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਲੁਧਿਆਣਾ ਨੂੰ ਦੋ ਵਾਰ ਵਫਦ ਮਿਲਣ ਦੇ ਬਾਵਜੂਦ ਯੋਗ ਕਾਰਵਾਈ ਨਾ ਹੋਣ ਅਤੇ ਨਿਰਦੋਸ਼ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਬੀਤੇ ਕੱਲ੍ਹ ਤੋਂ ਮਜਬੂਰੀ ਵੱਸ ਇਹ ਟ੍ਰੈਫਿਕ ਜਾਮ ਐਕਸ਼ਨ ਕੀਤਾ ਗਿਆ। ਅੱਜ ਦੇ ਇਸ ਰੋਸ ਧਰਨੇ ਦੋਰਾਨ ਅਗਵਾਈ ਕਰ ਰਹੇ ਕਿਸਾਨ ਆਗੂਆਂ ਨਾਲ ਐਸ ਪੀ ਡੀ ਜਗਰਾਂਓ ਬਲਵਿੰਦਰ ਸਿੰਘ ਅਤੇ ਡੀ ਐਸ ਪੀ ਰਾਏਕੋਟ ਗੁਰਬਚਨ ਸਿੰਘ ਹੋਰਾਂ ਦੀ ਦੋ ਗੇੜ ਦੀ ਗੱਲਬਾਤ ਤੋਂ ਬਾਅਦ ਚਾਰ ਦੋਸ਼ੀ ਪੁਲਸ ਕਰਮਚਾਰੀਆਂ ਗੁਰਸੇਵਕ ਸਿੰਘ ਚੋਕੀ ਇੰਚਾਰਜ ਜਲਾਲਦੀਵਾਲ, ਪਿਆਰਾ ਸਿੰਘ ਅਤੇ ਸੁਰਿੰਦਰ ਸਿੰਘ ਏਐਸਆਈ ਰਾਏਕੋਟ ਅਤੇ ਸੁਖਜਿੰਦਰ ਸਿੰਘ ਮੁਨਸ਼ੀ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰਦਿਆਂ ਲਾਈਨ ਹਾਜਰ ਕਰ ਦਿੱਤਾ ਗਿਆ। ਉਪਰੰਤ ਪੁਲਸ ਦੀ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਵੱਲੋਂ ਇਕ ਮਹੀਨੇ ਚ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਪੁਲਸ ਕਰਮੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲੀ ਪੁਲਸ ਪੜਤਾਲ ਚ ਛੇ ਔਰਤਾਂ ਭਾਵੇਂ ਨਿਰਦੋਸ਼ ਪਾਈਆਂ ਗਈਆਂ ਪਰ ਕਿਸਾਨ ਆਗੂਆਂ ਵੱਲੋਂ ਮੰਗ ਕਰਨ ਤੇ ਇੱਕ ਮਹੀਨੇ ਦੇ ਸਮੇਂ ਚ ਪਿੰਡ ਵਾਸੀਆਂ ਖਿਲਾਫ ਦਰਜ ਐਫ ਆਈ ਆਰ ਨੰਬਰ 90/21-7-21 ਰੱਦ ਕਰ ਦਿੱਤੀ ਜਾਵੇਗੀ। ਇਹ ਐਲਾਨ ਕਿਸਾਨ ਮਜ਼ਦੂਰ ਧਰਨੇ ਚ ਪੁਲਸ ਅਧਿਕਾਰੀਆਂ ਦੀ ਹਾਜਰੀ ਚ ਕਰਨ ਉਪਰੰਤ ਐਸ ਪੀ ਡੀ ਜਗਰਾਂਓ ਬਲਵਿੰਦਰ ਸਿੰਘ ਨੇ ਭਰੇ ਪੰਡਾਲ ਚ ਇਹ ਮੰਗਾਂ ਮੰਨ ਲੈਣ ਦਾ ਵਿਸਵਾਸ਼ ਦਿਵਾਇਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ,ਕੰਵਲਜੀਤ ਖੰਨਾ, ਜ਼ਿਲ੍ਹਾ   ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ ਜ਼ਿਲ੍ਹਾ ਪ੍ਰੈੱਸ ਸਕੱਤਰ, ਰਣਧੀਰ ਸਿੰਘ ਬਲਾਕ ਪ੍ਰਧਾਨ, ਜਗਤਾਰ ਸਿੰਘ ਦੇਹੜਕਾ ਬਲਾਕ ਪ੍ਰਧਾਨ, ਤਰਸੇਮ ਸਿੰਘ ਬੱਸੂਵਾਲ ਬਲਾਕ ਸੱਕਤਰ, ਸਤਬੀਰ ਸਿੰਘ, ਬਲਵਿੰਦਰ ਸਿੰਘ ਕਮਾਲਪੁਰਾ, ਬਲਾਕ ਸੱਕਤਰ ਮਹਿਲ ਕਲਾਂ,ਅਮਨ ਸਿੰਘ ਰਾਏਸਰ,ਸੁਖਵਿੰਦਰ ਸਿੰਘ ਪ੍ਰਧਾਨ ਗੋਬਿੰਦਗੜ, ਮਨਜੋਤ ਸਿੰਘ ਕੁਤਬਾ, ਜਗਤਾਰ ਸਿੰਘ ਮੂੰਮ,ਜਗਰੂਪ ਸਿੰਘ ਗਹਿਲ,ਭਾਗ ਸਿੰਘ ਕੁਰੜ,ਜਗਤਾਰ ਸਿੰਘ ਕਲਾਲਮਾਜਰਾ ਹਰਪ੍ਰੀਤ ਸਿੰਘ ਅਖਾੜਾ,ਹਰਚੰਦ ਸਿੰਘ ਢੋਲਣ, ਤਾਰਾ ਸਿੰਘ ਅੱਚਰਵਾਲ ਆਦਿ ਆਗੂ ਹਾਜ਼ਰ ਸਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਲੱਖੋਵਾਲ,ਰਾਜੇਵਾਲ,ਉਗਰਾਹਾਂ ਅਤੇ ਸੀਟੂ ਰਾਏਕੋਟ ਦੇ ਆਗੂਆਂ ਤੇ ਵਰਕਰਾਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਸਮੇ ਅਪਣੇ ਧੰਨਵਾਦ ਭਾਸ਼ਣ ਚ ਜਗਰਾਜ ਸਿੰਘ ਹਰਦਾਸਪੁਰਾ ਨੇ ਸਮੂਹ ਧਰਨਾਕਾਰੀਆ ਵਿਸੇਸ਼ਕਰ ਔਰਤਾਂ ਅਤੇ ਗੋਬਿੰਦਗੜ ਵਾਸੀਆਂ ਦਾ ਧੰਨਵਾਦ ਕਰਦਿਆਂ ਜੇਤੂ ਸੰਘਰਸ਼ ਦੀ ਵਧਾਈ ਦਿੱਤੀ। ਮਹਿੰਦਰ ਸਿੰਘ ਕਮਾਲਪੁਰਾ ਨੇ 27 ਸਤਬੰਰ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਅਤੇ ਦਿਲੀ ਸੰਘਰਸ਼ ਬਾਰਡਰਾਂ ਤੇ ਹਰ ਪਿੰਡ ਚੋਂ 10,10 ਸਾਥੀ ਪੱਕੇ ਤੋਰ ਤੇ ਭਲਕ ਤੋਂ ਭੇਜਣ ਦੀ ਜੋਰਦਾਰ ਅਪੀਲ ਕੀਤੀ।