ਮਾਂ ਦਿਵਸ 'ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ?)

ਇੱਕ ਅੱਖਰ ਇੱਕ ਲਗ ਤੇ ਇੱਕ ਲਗਾਖਰ ਨੂੰ ਵਰਤਦਿਆਂ ਜੇ ਦੁਨੀਆਂ 'ਤੇ ਸਭ ਤੋਂ ਖ਼ੂਬਸੂਰਤ,ਸਭ ਤੋਂ ਨਿੱਕਾ ਸ਼ਬਦ,ਸਭ ਤੋਂ ਪਿਆਰੇ ਅਹਿਸਾਸ ਦੇ ਰੂਪ 'ਚ ਲਿਖਣਾ ਹੋਵੇ ਤਾਂ ਉਹ ਮਾਂ ( ਮੱਮੇ ਕੰਨਾ ਤੇ ਉੱਤੇ ਬਿੰਦੀ) ਹੀ ਹੈ। ਪੂਰੀ ਦੁਨੀਆਂ ਵਿੱਚ ਮਈ ਮਹੀਨੇ ਦਾ ਦੂਜਾ ਹਫਤਾ "ਮਾਂ-ਦਿਵਸ" ਨੂੰ ਸਮਰਪਿਤ ਹੁੰਦਾ ਹੈ। ਪੂਰੀ ਦੁਨੀਆਂ ਨੂੰ ਇੱਕ ਪਾਸੇ ਰੱਖਕੇ ਜਦੋਂ ਅਸੀਂ ਆਪਣੇ ਪੰਜਾਬ ਦੀ ਧਰਤੀ ਦੇ ਵਸਿੰਦੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ ਤਾਂ ਸਾਡੇ ਮਨ 'ਚ ਇਹੀ ਖਿਆਲ ਆਉਂਦਾ ਕਿ ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ? ਦੁਨੀਆਂ 'ਤੇ ਕਿਸੇ ਵੀ ਇਨਸਾਨ ਨੂੰ ਉਹਦੇ ਆਪਣੇ-ਆਪ ਨਾਲ਼ੋਂ ਵੀ ਜੇ ਕੋਈ ਵੱਧ ਜਾਣਦਾ ਤਾਂ ਉਹ ਮਾਂ ਹੀ ਹੁੰਦੀ ਹੈ। ਬਾਕੀ ਦੁਨੀਆਵੀ ਰਿਸ਼ਤਿਆਂ ਨਾਲ਼ ਇਨਸਾਨ ਦੀ ਸਾਂਝ ਜਨਮ ਲੈਣ ਤੋਂ ਬਾਅਦ ਕੁੱਝ ਸਾਲਾਂ ਬਾਅਦ ਹੌਲ਼ੀ-ਹੌਲ਼ੀ ਬਣਨੀ ਸ਼ੁਰੂ ਹੁੰਦੀ ਹੈ ਪਰ ਬੱਚੇ ਦੀ ਮਾਂ ਨਾਲ਼ ਸਾਂਝ ਕੁਦਰਤ ਵੱਲੋਂ ਕੁੱਖ ਵਿੱਚ ਹੀ ਬਣਨੀ ਤੈਅ ਹੁੰਦੀਂ ਹੈ। ਇਹੀ ਤਾਂ ਫ਼ਰਕ ਹੈ, ਇਸੇ ਸਾਂਝ ਨੇ ਹੀ ਤਾਂ ਮਾਂਵਾਂ ਤੇ ਬੱਚਿਆਂ ਦਾ ਮੋਹ ਬਣਾਈ ਰੱਖਣਾ। ਅੱਜ ਇੱਥੇ ਬੇਸ਼ੱਕ ਅਸੀਂ ਦੁਨੀਆਂ ਦੀ ਭੀੜ ਵਿੱਚ ਲੱਗੀ ਹੋਈ ਦੌੜ ਨਾਲ਼ ਇਹ ਦਿਹਾੜੇ ਮਨਾਉਣ ਦੀਆਂ ਰਵਾਇਤਾਂ ਨਿਭਾਉਣ ਦੀਆਂ ਕੋਸ਼ਸ਼ਾਂ ਕਰ ਰਹੇ ਹਾਂ ਪਰ ਇੱਥੇ ਇਹ ਵਿਚਾਰਨ ਦੀ ਵੀ ਲੋੜ ਹੈ ਕਿਤੇ ਸਾਡੇ ਇਹ ਮੋਹ ਮਮਤਾ ਦੇ ਰਿਸ਼ਤੇ ਦਿਖਾਵਿਆਂ ਦੇ "ਸੋ-ਪੀਸ" ਤਾਂ ਨਹੀਂ ਬਣ ਰਹੇ ? ਹੁਣ ਧਿਆਨ ਨਾਲ਼ ਆਪਣੇ ਆਲ਼ੇ-ਦੁਆਲ਼ੇ ਦੇਖੋ,ਆਪਣੇ ਪਰਿਵਾਰ 'ਚ ਦੇਖੋ, ਕਿਤੇ ਇੱਕ ਪਰਿਵਾਰ ਦੇ ਸਾਰੇ ਪਰਿਵਾਰਕ ਮੈਂਬਰ ਇੱਕ ਦੂਜੇ ਵੱਲੋਂ ਮੂੰਹ ਘੁੰਮਾ ਕੇ ਵੱਖੋ-ਵੱਖਰੇ ਕਮਰਿਆਂ 'ਚ ਬੈਠੇ ਸਿਰਫ਼ ਸੋਸਲ ਮੀਡੀਆ 'ਤੇ ਹੀ ਮਾਂ-ਦਿਵਸ ਤਾਂ ਨਹੀਂ ਮਨਾ ਰਹੇ ? ਅਸਲ 'ਚ ਸਾਡਾ ਮੋਹ ਕਿੱਥੇ ਨਿਭਾਇਆ ਜਾ ਰਿਹਾ ? ਕਿਤੇ ਘਰਾਂ ਤੇ ਜ਼ਮੀਨਾਂ ਦੀ ਵੰਡ ਕਰਦਿਆਂ ਕਿਸੇ ਧੀ-ਪੁੱਤ ਦੇ ਹਿੱਸੇ ਨਾ ਆਈਆਂ ਸਾਡੀਆਂ ਮਾਂਵਾਂ ਬਿਰਧ ਆਸ਼ਰਮਾਂ 'ਚ ਤਾਂ ਨਹੀਂ ਰੁਲ਼ ਰਹੀਆਂ ? ਕਿਤੇ ਮਿੱਟੀ 'ਚ ਖੇਡਕੇ ਲਿੱਬੜ ਕੇ ਆਏ ਨਿਆਣਿਆਂ 'ਤੇ ਮਾਂਵਾਂ ਖਿਝ ਤਾਂ ਨਹੀਂ ਰਹੀਆਂ ? ਕਿਤੇ ਆਪਣੇ ਨਿੱਕੇ ਨਿਆਣਿਆਂ ਨੂੰ ਰੋਂਦਿਆਂ ਵਰਾਉਣ ਲਈ ਮਾਂਵਾਂ ਮੋਬਾਇਲ ਫੋਨਾਂ ਦੇ ਸਹਾਰੇ ਆਪਣੀਆਂ ਜੁੰਮੇਵਾਰੀਆਂ ਤੋਂ ਤਾਂ ਨੀ ਸੁਰਖੁਰੂ ਹੋ ਰਹੀਆਂ ? ਅੱਜ ਜੇ ਵਿਸ਼ਵ ਵਿੱਚ ਮਾਂ-ਦਿਵਸ ਮਨਾ ਕੇ ਮਾਂ ਦੀ ਮਮਤਾ ਲਈ ਮੋਹ ਜਤਾਇਆ ਜਾ ਰਿਹਾ ਤਾਂ ਬਹੁਤ ਕੁਝ ਸਾਨੂੰ ਸਮਝਣ ਦੀ ਲੋੜ ਹੈ। ਸਾਡੀਆਂ ਮਾਂਵਾਂ ਨੂੰ ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਮਾਤਾ ਤ੍ਰਿਪਤਾ,ਮਾਤਾ ਖੀਵੀ, ਮਾਤਾ ਭਾਨੀ, ਮਾਤਾ ਨਾਨਕੀ,ਮਾਤਾ ਗੁਜਰੀ,ਮਾਤਾ ਸੁੰਦਰੀ,ਭਾਈ ਭਾਗੋ,ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ ਤੇ ਤੇ ਬੀਬੀ ਗੁਲਾਬ ਕੌਰ ਵਰਗੀਆਂ ਮਹਾਨ ਮਾਂਵਾਂ ਦੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉੱਥੇ ਨਾਲ਼ ਹੀ ਸਾਡੀ ਪੀੜ੍ਹੀ ਦੇ ਧੀਆਂ-ਪੁੱਤਰਾਂ ਨੂੰ ਇਹਨਾਂ ਮਹਾਨ ਮਾਂਵਾਂ ਦੇ ਧੀਆਂ-ਪੁੱਤਰਾਂ ਹੋਣ ਦਾ ਫ਼ਰਜ਼ ਨਿਭਾਉਣ ਦੀ ਜਾਚ ਸਿੱਖਕੇ ਇੱਕੀਵੀਂ ਸਦੀ ਵਿੱਚ "ਪੂਰਨ" ਤੇ "ਸਰਵਣ" ਨੂੰ ਜਿਉਂਦੇ ਰੱਖਣ ਦੀ ਵੀ ਲੋੜ ਹੈ। 

ਰਾਮ,ਅੱਲ੍ਹਾ,ਗੌਡ,ਵਾਹਿਗੁਰੂ, ਸਭ ਆਪੋ ਆਪਣੀ ਥਾਂ,

ਸਭ ਨੂੰ ਇੱਕੋਂ ਥਾਂ ਜੇ ਦੇਖਣਾ, ਸੱਜਣਾ ਕਹਿ ਦੇਈਂ ਮੂੰਹੋਂ "ਮਾਂ"। 

ਮਾਂ-ਦਿਵਸ ਤੇ ਇਹਨਾਂ ਵਿਚਾਰਾਂ ਨੂੰ ਪੜ੍ਹਦਿਆਂ ਤੁਸੀਂ ਆਪਣੇ ਘਰ ਵਿੱਚ ਬੈਠੇ-ਬੈਠੇ ਮੰਮੀ,ਮੰਮਾ,ਮੌਮ ਸ਼ਬਦ ਦੀ ਥਾਂ ਆਪਣੀ ਮਾਂ ਨੂੰ ਇੱਕ ਵਾਰ ਉੱਚੀ ਦੇਣੇ ਮਾਂ ਕਹਿਕੇ ਅਵਾਜ਼ ਤਾਂ ਦੇਣਾ ਸੱਚੀਂ ! ਤੁਹਾਡੀ ਮਾਂ ਲਈ ਜ਼ਿੰਦਗੀ ਦਾ ਇਹ ਸਭ ਤੋਂ ਖ਼ੂਬਸੂਰਤ ਪਲ ਹੋਵੇਗਾ। ਸਾਡੇ ਪੰਜਾਬ ਦੀ ਧਰਤੀ ਹਿੱਸੇ ਅੰਮੀ,ਅੰਮੜੀ,ਅੰਮਾਂ,ਅੰਬੋ,ਮਾਂ,ਬੀਬੀ,ਬੇਬੇ,ਝਾਈ ਅਤੇ ਮਾਤਾ ਵਰਗੇ "ਮਾਘੀ ਦੀ ਸੁੱਚੜੀ ਸੰਗਰਾਂਦ" ਵਰਗੇ  ਸ਼ਬਦ ਆਏ ਹਨ। ਇਹੋ ਸਾਡੀ ਖ਼ੁਸ਼ਕਿਸਮਤੀ ਹੈ। ਇਹੋ ਸਾਡੀਆਂ ਮਾਂਵਾਂ ਦੀਆਂ ਸਿਖਾਈਆਂ ਬੋਲੀਆਂ ਦੀ ਅਮੀਰੀ ਹੈ। ਆਓ ਅੱਜ ਵਾਅਦਾ ਕਰੀਏ ਕਿ ਇਸੇ ਮਾਂ-ਬੋਲੀ ਦੀ ਅਮੀਰੀ ਨਾਲ਼ ਅਸੀਂ ਆਪਣੀਆਂ ਮਾਂਵਾਂ ਦੀ ਮਮਤਾ ਤੇ ਮੋਹ ਨੂੰ ਹਮੇਸ਼ਾ ਲਈ ਜਿਉਂਦੇ ਰੱਖ ਸਕੀਏ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ) 9463551814