ਲੁਧਿਆਣਾ, 22 ਮਾਰਚ (ਰਣਜੀਤ ਸਿੱਧਵਾਂ) : ਵਿਸ਼ਵ ਪ੍ਰਸਿੱਧ ਡਾਕਟਰ ਬਿਸ਼ਵ ਮੋਹਨ ਨੂੰ ਕੋਵਿਡ-19 ਦੌਰਾਨ ਮਿਸਾਲੀ ਸੇਵਾਵਾਂ ਲਈ ਡੀਜੀਪੀ ਪ੍ਰਸੰਸਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਕਾਰਡੀਓਲੋਜੀ ਦੇ ਪ੍ਰੋਫੈਸਰ ਨੇ ਇਹ ਡਿਸਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਵੱਲੋਂ ਭੇੰਟ ਕੀਤੀ ਗਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਾ. ਬਿਸ਼ਵ ਮੋਹਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਕੋਵਿਡ ਸਿਖਰ 'ਤੇ ਸੀ ਤਾਂ ਡਾ. ਮੋਹਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਇੱਕ ਤਾਕਤ ਦਾ ਥੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡਾ. ਮੋਹਨ ਨੇ ਨਾ ਸਿਰਫ਼ ਲੋਕਾਂ ਨੂੰ ਕੋਵਿਡ-19 ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ, ਬਲਕਿ ਲੋਕਾਂ ਨੂੰ ਕੋਵਿਡ ਟੀਕਾਕਰਨ ਲਈ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਡਾ. ਬਿਸ਼ਵ ਮੋਹਨ ਨੇ ਹਮੇਸ਼ਾ ਅੱਗੇ ਹੋ ਕੇ ਅਗਵਾਈ ਕੀਤੀ ਹੈ, ਜਿਸ ਦਾ ਪਤਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਜ਼ਿਲ੍ਹਾ ਲੁਧਿਆਣਾ ਵਿੱਚ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਖੁਦ ਕੋਵਿਡ ਦਾ ਟੀਕਾਕਰਨ ਕਰਵਾਇਆ। ਡਾ. ਬਿਸ਼ਵ ਮੋਹਨ ਨੇ ਉਨ੍ਹਾਂ ਨੂੰ ਇਹ ਸਨਮਾਨ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ।