ਨਗਰ ਕੌਂਸਲ ਅਤੇ ਕੌਂਸਲਰ ਖਿਲਾਫ ਕੀਤੀ ਨਾਅਰੇਬਾਜ਼ੀ
ਜਗਰਾਓਂ 4 ਸਤੰਬਰ (ਅਮਿਤ ਖੰਨਾ) ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਉਂਕਿ ਵਾਟਰ ਸਪਲਾਈ ਰਾਹੀਂ ਜੋ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ ਉਹ ਪੀਣ ਲਾਇਕ ਨਹੀਂ ਹੈ। ਪਾਣੀ ਵਿਚ ਸੀਵਰੇਜ ਦਾ ਪਾਣੀ ਅਤੇ ਰੇਤਾ ਮਿਕਸ ਹੋ ਕੇ ਆ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ । ਇਸ ਮੌਕੇ ਪ੍ਰੇਮ ਸਿੰਘ, ਸੁਰਜੀਤ ਸਿੰਘ, ਸਵਰਨਜੀਤ ਸਿੰਘ ਅਤੇ ਮੇਹਰ ਸਿੰਘ ਨੇ ਦੱਸਿਆ ਕਿ ਇਹ ਪਾਣੀ ਪੀਣ ਲਾਇਕ ਨਹੀਂ ਸਗੋਂ ਨਹਾਉਣ ਲਾਇਕ ਵੀ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਪਾਣੀ ਸਵੇਰੇ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਭਰ ਕੇ ਲਿਆਉਂਦੇ ਹਨ । ਗੁਰਦੁਆਰਾ ਸਾਹਿਬ ਵਿਖੇ ਪਾਣੀ ਭਰਨ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ । ਉਨ੍ਹਾਂ ਕਿਹਾ ਕਿ ਜਿਸ ਮੋਟਰ ਤੋਂ ਪਾਣੀ ਆਉਂਦਾ ਹੈ ਉਸ ਨੂੰ ਤਿੰਨ ਵਾਰਡ ਲੱਗਦੇ ਹਨ। ਤਿੰਨੇ ਵਾਰਡਾਂ ਨੂੰ ਇਕ ਮੋਟਰ ਤੋਂ ਹੀ ਪਾਣੀ ਜਾਂਦਾ ਹੈ ਅਤੇ ਮਹੀਨੇ ਵਿਚ ਦੋ ਵਾਰ ਇਹ ਖਰਾਬ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਕੌਂਸਲਰ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ । ਵਾਰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਉਹ ਵੱਡੇ ਪੱਧਰ ਤੇ ਧਰਨਾ ਲਾਉਣਗੇ। ਇਸ ਮੌਕੇ ਵਾਰਡ ਨੰਬਰ 7 ਦੇ ਕੌਂਸਲਰ ਪਰਮਿੰਦਰ ਕੌਰ ਕਲਿਆਣ ਦੇ ਪਤੀ ਵਿਨੈ ਕਲਿਆਣ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਸਬੰਧੀ ਕਰਮਚਾਰੀ ਲਗਾਏ ਹੋਏ ਹਨ ਅਤੇ ਜਲਦ ਹੀ ਇਸਦਾ ਹੱਲ ਕਰ ਦਿੱਤਾ ਜਾਵੇਗਾ । ਇਸ ਮੌਕੇ ਅਮਿਤੋਜ ਸਿੰਘ , ਕੇਵਲ ਕ੍ਰਿਸ਼ਨ, ਬੁੱਧ ਰਾਮ, ਚਮਕੌਰ ਸਿੰਘ, ਮੇਜਰ ਸਿੰਘ , ਗਗਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਨਾਨਕ ਸਿੰਘ, ਸਰਬਜੀਤ ਸਿੰਘ, ਹਰਬੰਸ ਕੌਰ, ਭਜਨ ਕੌਰ, ਗੁਰਮੇਲ ਕੌਰ ਆਦਿ ਮੌਜੂਦ ਸਨ ।