You are here

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ

ਦੋਸਤੋਂ ਅਕਸਰ ਦੇਖਿਆਂ ਜਾਂਦਾ ਹੈ ਕਿ ਕਈ ਲੋਕ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਜੀਵਨ ਨੂੰ ਮੁਸ਼ਕਿਲਾਂ ਭਰਿਆ ਬਣਾ ਲੈਂਦੇ ਹਨ।ਜ਼ਿੰਦਗੀ ਨੂੰ ਨਿਰਾਸ਼ਾ ਭਰਪੂਰ ਬਣਾ ਲੈਂਦੇ ਹਨ।ਕਈ ਲੋਕ ਬਚਪਨ ਤੋ ਹੀ ਖਿਝੂ ਅੜੀਅਲ ਸੁਭਾਅ ਦੇ ਹੁੰਦੇ ਹਨ ।ਕਈ ਨਕਾਰਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ।ਜਿਓ-ਜਿਓ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਂਦੇ ਹਨ ਨਿਰਾਸ਼ਾਵਾਦੀ ਹੁੰਦੇ ਜਾਂਦੇ ਹਨ,ਆਖਿਰ ਨੂੰ ਉਹ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।ਕੀ ਅਜਿਹੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।ਨਕਾਰਤਮਕ ਸੋਚ ਵਾਲਾ ਵਿਅਕਤੀ ਜਲਦ ਹੀ ਹੌਸਲਾ ਹਾਰ ਜਾਂਦਾ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦਾ ਹੈ। ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।ਉਹ ਦੂਜੇ ਲੋਕਾਂ ਨੂੰ ਵੀ ਨਕਾਰਤਮਕ ਨਜ਼ਰੀਏ ਨਾਲ ਦੇਖਦਾ ਹੈ।ਹਮੇਸ਼ਾ ਉਹਨਾਂ ਵਿੱਚ ਕਮੀਆਂ ਹੀ ਦੇਖਦਾ ਹੈ।ਉਸ ਨੂੰ ਇੰਝ ਹੀ ਲੱਗਦਾ ਰਹਿੰਦਾ ਹੈ ਜਿਵੇਂ ਸਾਰੇ ਲੋਕ ਉਸਦਾ ਹੀ ਬੁਰਾ ਕਰਦੇ ਹਨ ।ਉਹ ਉਸ ਨਾਲ ਗਲਤ ਕਰ ਰਹੇ ਹਨ ।ਦੋਸਤੋਂ ਜੇਕਰ ਆਪਾਂ ਇੰਝ ਹੀ ਨਕਾਰਤਮਕ ਰਵੱਈਏ ਦਾ ਸ਼ਿਕਾਰ ਰਹਾਂਗੇ ਤਾਂ ਖੁਸ਼ੀਆਂ ਤੁਹਾਡੇ ਦਰ ਤੇ ਆਕੇ ਵਾਪਿਸ ਮੁੜਦੀਆਂ ਰਹਿਣਗੀਆਂ।ਅਸੀਂ ਚੰਗੇ ਮੌਕੇ ਹੱਥੋਂ ਗਵਾਉਂਦੇ ਰਹਾਂਗੇ ।ਕਿਉਂਕਿ ਖੁਸ਼ੀਆਂ ਹੀ ਜ਼ਿੰਦਗੀ ਨੂੰ ਰੰਗੀਨ ਬਣਾਉਂਦੀਆਂ ਹਨ ।ਪਰ ਅਸੀਂ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਆਪ ਨੂੰ ਬੇਵੱਸ ਲਾਚਾਰ ਮਹਿਸੂਸ ਕਰਨ ਲੱਗਦੇ ਹਾਂ।ਜ਼ਿੰਦਗੀ ਦੁੱਖਾਂ ਵਿੱਚ ਪਾ ਲੈਂਦੇ ਹਾਂ।ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੋਂ ਜਲਦੀ ਹੀ ਹਾਰ ਮੰਨ ਲੈਂਦੇ ਹਾਂ,ਤੇ ਢੇਰੀ ਢਾਹ ਕੇ ਬੈਠ ਜਾਂਦੇ ਹਾਂ।ਮਾੜੇ ਸਮੇਂ ਵਿੱਚ ਮਾੜਾ ਸੋਚਣ ਦੀ ਬਜਾਇ ਚੰਗਾ ਸੋਚਣਾ ਚਾਹੀਦਾ ਹੈ।ਕਈ ਵਾਰ ਅਸੀਂ ਦੁੱਖ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਤੇ ਸਾਨੂੰ ਸਭ ਕੁੱਝ ਖਾਲ਼ੀ ਹੀ ਜਾਪਦਾ ਹੈ ।ਸਾਨੂੰ ਹਮੇਸ਼ਾ ਅਜਿਹੇ ਸਮੇਂ ਉੱਪਰ ਆਪਣੇ ਅੰਦਰਲੇ ਦਿਲ ਦੀ ਭਾਵ ਦੁੱਖ ਦੀ ਗੱਲ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਨਕਾਰਤਮਕ ਸੋਚ ਤੋਂ ਬਚਿਆ ਜਾ ਸਕੇ।ਨਕਾਰਤਮਕ ਸੋਚ ਨਾਲ ਅਸੀਂ ਕਈ ਰਿਸਤਿਆਂ ਵਿੱਚ ਦੂਰੀ ਬਣਾ ਲੈਂਦੇ ਹਾਂ।ਸਾਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਹਮੇਸ਼ਾ ਸਕਾਰਤਮਕ ਸੋਚ ਲੈਕੇ ਚੱਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਮੌਕਾ ਜ਼ਰੂਰ ਦਿੰਦੀ ਹੈ ।ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਕਹਿੰਦੇ ਹਨ ਕਿ ਬੱਚਾ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਦੋਸਤੋਂ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੇ ਠੋਕਰਾਂ ਹੀ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ।ਦੋਸਤੋ ਕਦੇ ਵੀ ਭੀੜ ਦਾ ਹਿੱਸਾ ਨਾ ਬਣੋ ਸਗੋਂ ਆਪਣੇ ਆਪ ਵਿੱਚ ਸਵੈ ਵਿਸ਼ਵਾਸ ਪੈਦਾ ਕਰਕੇ ਭੀੜ ਵਿੱਚੋਂ ਅਲੱਗ ਪਹਿਚਾਣ ਬਣਾਓ।ਜ਼ਿੰਦਗੀ ਨੇ ਜੋ ਸਮਾਂ ਸਾਨੂੰ ਦਿੱਤਾ ਹੈ ਲੋੜ ਹੈ ਉਸਨੂੰ ਸਕਾਰਤਮਕ ਸੋਚ ਨਾਲ ਬਿਤਉਣ  ਦੀ ਨਾ ਕਿ ਨਕਾਰਤਮਕ ਸੋਚ ਵਿੱਚ ਸਮਾਂ ਬਰਬਾਦ ਕਰਨ ਦੀ।ਨਿਰਾਸ਼ਾ ਜ਼ਿੰਦਗੀ ਨੂੰ ਨਕਾਰਤਮਕ ਸੋਚ ਵੱਲ ਲੈਕੇ ਜਾਂਦੀ ਹੈ।ਦੋਸਤੋ ਹਾਰ ਜਾਣ ਦਾ ਡਰ ਮਨ ਵਿੱਚੋਂ ਕੱਢ ਦੇਵੋ ਅਕਸਰ ਓਹੀ ਲੋਕ ਹੀ ਹੌਸਲਾ ਹਾਰਦੇ ਹਨ ਜਿੰਨ੍ਹਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਨਹੀਂ ਹੁੰਦਾ ਹੈ ਤੇ ਇੱਕ ਦਿਨ ਓਹੀ ਲੋਕ ਬਹੁਤ ਵੱਡੀ ਜਿੱਤ ਹਾਸਿਲ ਕਰਦੇ ਹਨ ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ।ਜੋ ਮੁਸੀਬਤਾਂ ਵਿੱਚੋਂ ਹੀ ਮੰਜ਼ਿਲਾਂ ਦੇ ਰਾਹ ਲੱਭ ਲੈਂਦੇ ਹਨ।ਕੰਡਿਆਂ ਉੱਪਰ ਵੀ ਨੰਗੇ ਪੈਰੀਂ ਤੁਰ ਪੈਂਦੇ ਹਨ।ਜੋ ਹਾਰਾਂ ਤੋਂ ਵੀ ਜਿੱਤ ਦਾ ਰਾਹ ਲੱਭ ਲੈਂਦੇ ਹਨ।ਉਹੀ ਲੋਕ ਅਜਿਹਾ ਕਰਦੇ ਹਨ ਜੋ ਸਕਾਰਤਮਕ ਸੋਚ ਦੇ ਮਾਲਿਕ ਹੁੰਦੇ ਹਨ।

ਗਗਨਦੀਪ  ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।