ਮੈਨਚੇਸਟਰ, ਜੁਲਾਈ 2019 -( ਅਮਨਜੀਤ ਸਿੰਘ ਖਹਿਰਾ)- ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ । ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਪਰਿਵਾਰਕ ਰਿਸ਼ਤਾ ਰਿਹਾ ਹੈ । ਬੌਰਿਸ ਦੀ ਸਾਬਕਾ ਪਤਨੀ ਮਰੀਨਾ ਵੀਹਲਰ ਕਿਊ ਸੀ (54) ਭਾਰਤੀ ਮੂਲ ਦੀ ਹੈ, ਜਿਸ ਨਾਲ ਉਹ ਪਿਛਲੇ ਸਾਲ ਸਤੰਬਰ 'ਚ ਵੱਖ ਹੋ ਗਏ ਸਨ ਅਤੇ ਮਰੀਨਾ ਨਾਲ 25 ਸਾਲਾ ਰਿਸ਼ਤੇ ਦੌਰਾਨ ਬੌਰਿਸ ਅਣਗਿਣਤ ਵਾਰ ਦਿੱਲੀ ਅਤੇ ਮੁੰਬਈ 'ਚ ਆਪਣੇ ਰਿਸ਼ਤੇਦਾਰਾਂ ਕੋਲ ਰਿਹਾ ਕਰਦੇ ਸਨ । ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ, ਜਿਨ੍ਹਾਂ ਨਾਲ ਉਹ ਮਰੀਨਾ ਦੇ ਰਿਸ਼ਤੇਦਾਰਾਂ ਦੇ ਵਿਆਹ ਸਮਾਰੋਹਾਂ 'ਚ ਵੀ ਸ਼ਾਮਿਲ ਹੁੰਦੇ ਰਹੇ ਹਨ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਅਨੁਸਾਰ ਬੌਰਿਸ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਇਸ ਤਰ੍ਹਾਂ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ ।ਮੈਰੀਨਾ ਦੀ ਮਾਂ ਦਾ ਨਾਂਅ ਦੀਪ ਵੀਹਲਰ ਸੀ (ਨੀ ਕੌਰ) ਜੋ ਵੈਸਟ ਸੂਸੈਕਸ 'ਚ ਰਹਿੰਦੀ ਸੀ, ਜਿਸ ਦਾ ਵਿਆਹ ਦਲਜੀਤ ਸਿੰਘ ਨਾਲ ਹੋਇਆ । ਦਲਜੀਤ ਸਿੰਘ ਦੇ ਪਿਤਾ ਸਰ ਸੋਭਾ ਸਿੰਘ ਇਕ ਬਿਲਡਰ ਸਨ । ਦੀਪ ਦਿੱਲੀ 'ਚ ਦਲਜੀਤ ਨੂੰ ਮਿਲੀ ਸੀ । ਉਸ ਦੇ ਦੂਜੇ ਪਤੀ ਪੱਤਰਕਾਰ ਸਵਰਗੀ ਚਾਰਲਸ ਵੀਹਲਰ ਸਨ । ਦੀਪ ਦੀ ਭੈਣ ਅਮਰਜੀਤ ਦਾ ਵਿਆਹ ਦਲਜੀਤ ਸਿੰਘ ਦੇ ਵੱਡੇ ਭਰਾ ਭਗਵੰਤ ਸਿੰਘ ਨਾਲ ਹੋਇਆ, ਜਿਸ ਦੀ ਬੇਟੀ ਅੰਮਿ੍ਤਾ ਸਿੰਘ ਪ੍ਰਸਿੱਧ ਹਿੰਦੀ ਅਦਾਕਾਰਾ ਹੈ, ਜੋ ਸੈਫ਼ ਅਲੀ ਖ਼ਾਨ ਦੀ ਪਹਿਲੀ ਪਤਨੀ ਸੀ ।ਬੌਰਿਸ ਜੌਹਨਸਨ ਜਿਥੇ ਭਾਰਤੀ ਖਾਣੇ ਦੇ ਸ਼ੌਕੀਨ ਹਨ, ਉਥੇ ਹੀ ਉਹ ਆਪਣੀ ਪਹਿਲੀ ਪਤਨੀ ਮਰੀਨਾ ਦੇ ਰਿਸ਼ਤੇਦਾਰਾਂ ਦੇ ਨਾਵਾਂ ਨੂੰ ਵੀ ਜਾਣਦੇ ਹਨ । ਉਹ ਖ਼ੁਦ ਨੂੰ ਭਾਰਤੀ ਸੱਭਿਆਚਾਰ ਅਨੁਸਾਰ ਢਾਲ ਲੈਂਦੇ ਹਨ । ਰਾਹੁਲ ਸਿੰਘ ਨੇ ਇਹ ਵੀ ਕਿਹਾ ਹੈ ਕਿ ਇਕ ਵਾਰ ਬੌਰਿਸ ਜੌਹਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਸਿੱਖ ਮੂਲ ਦੀ ਲੜਕੀ ਨਾਲ ਵਿਆਹੇ ਹੋਣ ਕਰ ਕੇ ਬਰਤਾਨੀਆ ਵਸਦੇ ਸਿੱਖ ਉਨ੍ਹਾਂ ਨੂੰ ਵੋਟ ਪਾਉਣਗੇ । ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਲੰਡਨ ਦੇ ਸਾਬਕਾ ਮੇਅਰ 55 ਸਾਲਾ ਬੌਰਿਸ ਜੌਹਨਸਨ ਹੁਣ ਆਪਣੀ ਨਵੀਂ ਸਾਥਣ 31 ਸਾਲਾ ਕੈਰੀ ਸੇਮੰਡ ਨਾਲ ਰਿਸ਼ਤੇ 'ਚ ਹਨ ।