You are here

ਮੁਆਵਜ਼ਾ ਨਾ ਮਿਲਣ ਤੇ ਲਾਸ਼ ਜੀਟੀ ਰੋਡ ਤੇ ਰੱਖ ਕੇ ਕੀਤਾ ਚੱਕਾ ਜਾਮ

ਜਗਰਾਓਂ, 13 ਜੁਲਾਈ (ਅਮਿਤ ਖੰਨਾ, )  ਬੀਤੇ ਦਿਨੀਂ ਸਿੰਘੂ ਬਾਰਡਰ ਤੇ ਕਰੰਟ ਲੱਗਣ ਨਾਲ ਸ਼ਹੀਦ ਹੋਏ ਪਿੰਡ ਕਾਉਂਕੇ ਕਲਾਂ ਦੇ 45 ਸਾਲਾ ਮਜਦੂਰ ਸੋਹਣ ਸਿੰਘ ਬਿੱਲਾ ਦੇ ਪੀੜ•ਤ ਪਰਿਵਾਰ ਨੂੰ ਜਿਲਾ ਪ੍ਰਸਾਸ਼ਨ ਲੁਧਿਆਣਾ  ਵਲੋਂ ਪੰਜ ਲੱਖ ਦੀ ਸਰਕਾਰੀ ਸਹਾਇਤਾ ਦਾ ਚੈਕ ਦੇਣ ਤੋ ਇਨਕਾਰੀ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਮਜਦੂਰਾਂ ਦਾ ਰੋਹ ਸੜਕਾਂ ਤੇ ਨਿਕਲ ਤੁਰਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ  ਚ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਉਗਰਾਹਾਂ ,ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਲੁਧਿਆਣਾ ਮੋਗਾ ਰੋਡ ਤੇ ਬਿਜਲੀ ਘਰ ਦੇ ਸਾਹਮਣੇ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ। ਇਸ ਸਮੇਂ ਕਾਉਂਕੇ ਕਲਾਂ ਪਿੰਡ ਤੋਂ ਵੱਡੀ ਗਿਣਤੀ ਚ ਮਰਦ ਔਰਤਾਂ ਕਿਸਾਨ ਮਜਦੂਰ ਸ਼ਹੀਦ ਦੀ ਮਿਰਤਕ ਦੇਹ ਸਮੇਤ ਇਸ ਜਾਮ ਚ ਸ਼ਾਮਲ ਹੋਏ।  ਤਿੱਖੜ ਗਰਮੀ ਚ ਤਪਦੀ ਸੜਕ ਤੇ ਧਰਨਾ ਕਾਰੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਖਿਲਾਫ ਰੋਹ ਭਰਪੂਰ ਨਾਰੇ ਬਾਜੀ ਕਰਦਿਆਂ ਜਿਲਾ ਪ੍ਰਸਾਸ਼ਨ ਦੇ ਨਖਿੱਧ ਰਵੱਈਏ ਦੇ ਪਾਜ ਲੀਰੋ ਲੀਰ ਕੀਤੇ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਮੰਚ ਸੰਚਾਲਨਾ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ,  ਸੁਰਜੀਤ ਸਿੰਘ ਦੋਧਰ,ਰਾਏਕੋਟ ਬਲਾਕ ਦੇ ਸੱਕਤਰ ਤਾਰਾ ਸਿੰਘ ਅੱਚਰਵਾਲ,ਲੋਕ ਆਗੂ ਕੰਵਲਜੀਤ ਖੰਨਾ ,ਲੱਖੋਵਾਲ ਦੇ ਸੂਬਾਈ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋਂ,ਜਿਲਾ ਪ੍ਰਧਾਨ ਜੋਗਿੰਦਰ ਸਿੰਘ ਬਜੁਰਗ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਤਨਾਮ ਸਿੰਘ ਮੋਰਕਰੀਮਾਂ ,ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ,ਹੁਕਮ ਰਾਜ ਦੇਹੜਕਾ,ਮਦਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ ਖੇਤੀ ਸਬੰਧੀ ਕਾਲੇ ਕਨੂੰਨਾਂ ਵਿਰੁੱਧ ਸ਼ਾਨਾਮੱਤੇ ਕਿਸਾਨ ਮਜ਼ਦੂਰ ਸੰਘਰਸ਼ ਚ ਸ਼ਹੀਦੀਆਂ ਹਾਸਲ ਕਰ ਰਹੇ ਯੋਧਿਆਂ ਦੀ ਕਤਾਰਾਂ ਲੰਮੀਆਂ ਹੋ ਰਹੀਆਂ ਹਨ ਪਰ ਸੰਘਰਸ਼ ਇਨਾਂ ਸ਼ਹਾਦਤਾਂ ਦੇ ਸਿੱਟੇ ਵਜੋਂ ਹੋਰ ਮਜਬੂਤ ਹੋ ਰਿਹਾ ਹੈ ਤੇ ਇਹ ਸਘੰਰਸ਼ ਅੰਤਿਮ ਜਿੱਤ ਤੱਕ ਜਾਰੀ ਰਹੇਗਾ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਦੇਸ਼ ਭਰ ਚ ਮੋਦੀ ਦੀ ਕਾਰਪੋਰੇਟ ਸ਼ਾਹੀ ਖਿਲਾਫ  ਤੇਲ ਉਤਪਾਦਾਂ ਤੇ ਆਮ ਵਸਤਾਂ ਦੀਆਂ ਬੇਲਗਾਮ ਕੀਮਤਾਂ ਵਿਰੁੱਧ ਸਫਲ ਐਕਸ਼ਨ ਨੇ ਇਸ ਸੰਘਰਸ਼ ਨੂੰ ਜਰਬਾਂ ਦਿੱਤੀਆਂ ਹਨ।ਇਸ  ਸਮੇਂ  ਚੱਲ ਰਹੇ ਚੱਕਾ ਜਾਮ ਦੇ ਦਬਾਅ ਨੇ ਪ੍ਰਸਾਸ਼ਨ ਨੂੰ ਜਾਮ ਧਰਨੇ ਚ ਆ ਕੇ ਪੰਜ ਲੱਖ ਰੁਪਏ ਦਾ ਚੈਕ ਪੀੜਤ ਪਰਿਵਾਰ ਨੂੰ ਦੇਣ ਲਈ ਮਜਬੂਰ ਕਰ ਦਿੱਤਾ।  ਕਾਫੀ ਕਸ਼ਮਕਸ਼ ਤੋਂ ਬਾਅਦ ਪ੍ਰਸਾਸ਼ਨ ਵਲੋਂ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਭਰੇ ਇਕੱਠ ਚ  ਰੋਹਲੇ ਨਾਰਿਆਂ ਦੀ ਗੂੰਜ ਚ ਇਹ ਰਕਮ ਦਾ ਚੈਕ ਸ਼ਹੀਦ ਦੀ ਰੋਂਦੀ ਕੁਰਲਾਉਂਦੀ ਪਤਨੀ ਤੇ ਬਿਰਧ ਮਾਤਾ ਨੂੰ ਭੇਂਟ ਕੀਤਾ। ਇਸ ਸਮੇਂ ਡੂੰਘੇ ਗਮ ਚ ਪਰੁੰਨੀ ਸ਼ਹੀਦ ਦੀ ਪਤਨੀ ਮੰਚ ਤੇ ਗਸ਼ ਖਾ ਕੇ ਡਿੱਗ ਪਈ ਤਾਂ ਧਰਨਾਕਾਰੀਆਂ ਚ ਰੋਹ ਹੋਰ ਫੁਟਾਰੇ ਮਾਰਨ ਲੱਗਾ।  ਇਸ ਸਮੇ ਹਾਜਰ ਅਧਿਕਾਰੀ ਤੋ ਤਿੰਨ ਮਹੀਨੇ ਪਹਿਲਾਂ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ  ਬਲਕਰਨ ਸਿੰਘ ਪਿੰਡ  ਲੋਧੀਵਾਲ ਦੇ ਪਰਿਵਾਰ  ਨੂੰ ਇਕ ਦੋ ਦਿਨ ਚ  ਚੈਕ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ਗਈ।ਉਪਰੰਤ ਨਾਰਿਆਂ ਦੀ ਗੂੰਜ ਚ ਸ਼ਹੀਦ ਦੀ ਦੇਹ ਵਡੇ ਕਾਫਲੇ ਦੇ ਰੂਪ ਵਿੱਚ ਪਿੰਡ ਨੂੰ ਰਵਾਨਾ ਹੋਈ।ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਸ਼ਹੀਦ ਦੀ ਦੇਹ ਤੇ ਝੰਡੇ ਅਰਪਿਤ ਕੀਤੇ। ਸ਼ਹੀਦ ਦੇ ਅੱਠ ਸਾਲਾ ਬੇਟੇ ਨੇ ਸ਼ਹੀਦ ਦੀ ਚਿਤਾ ਨੂੰ ਅਗਨ ਭੇਂਟ ਕੀਤਾ।ਇਸ ਸਮੇਂ  ਹਰਦੀਪ ਸਿੰਘ ਗਾਲਬ , ਸਰਬਜੀਤ ਸਿੰਘ ਗਿੱਲ  ਬਲਾਕ ਪ੍ਰਧਾਨ ਸੁਧਾਰ,ਪਰਮਜੀਤ ਡਾਕਟਰ, ਬਚਿੱਤਰ ਸਿੰਘ ਜਨੇਤ ਪੁਰਾ, ਅਰਜਨ ਸਿੰਘ ਖੇਲਾ,ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ,ਬਲਦੇਵ ਸਿੰਘ ਫੋਜੀ,ਕਰਨੈਲ ਸਿੰਘ ਭੋਲਾ  ਪ੍ਰਧਾਨ ਗੁਰਚਰਨ ਸਿੰਘ ਗੁਰੂਸਰ,ਮਨੀ ਸਿੰਘ ਸਰਪੰਚ ਕਾਓਂਕੇ ,ਅਵਤਾਰ ਸਿੰਘ ਮੱਲੀ ਆਦਿ ਹਾਜਰ ਸਨ।