ਪਿੰਡ ਨੱਥੋਵਾਲ ਵਿਖੇ ਢਾਈ ਏਕੜ ਵਿੱਚ ਵਿਕਸਤ ਕੀਤਾ ਜਾਵੇਗਾ ਜੰਗਲ

ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਵਾਤਾਵਰਨ ਨੂੰ ਸੰਭਾਲਣ ਦਾ ਉਪਰਾਲਾ

ਰਾਏਕੋਟ ,11 ਜੁਲਾਈ - (ਗੁਰਸੇਵਕ ਸਿੰਘ ਸੋਹੀ) - ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਾਂਹ ਵਧੂ ਪਿੰਡ ਨੱਥੋਵਾਲ ਵਾਸੀਆਂ ਨੇ ਪਿੰਡ ਵਿੱਚ ਖਾਲੀ ਪਾਈ ਖੇਤੀਯੋਗ ਜ਼ਮੀਨ ਨੂੰ ਜੰਗਲ ਵਜੋਂ ਵਿਕਸਤ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ। ਵਾਤਾਵਰਨ ਨੂੰ ਸੰਭਾਲਣ ਦਾ ਇਹ ਕਾਰਜ ਪਿੰਡ ਦੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਅਗਾਂਹ ਵਧੂ ਸੋਚ ਵਾਲੇ ਨੌਜਵਾਨ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਕੁਲਦੀਪ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਉੱਤੇ ਪਿੰਡ ਦੀ ਢਾਈ ਏਕੜ ਖਾਲੀ ਜ਼ਮੀਨ ਬੇਆਬਾਦ ਪਈ ਸੀ। ਪਿੰਡ ਵਾਲਿਆਂ ਦੀ ਆਪਸੀ ਸਹਿਮਤੀ ਨਾਲ ਇਸ ਜ਼ਮੀਨ ਉੱਤੇ ਜੰਗਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਸ਼ੁਰੂਆਤੀ ਗੇੜ੍ਹ ਵਿੱਚ ਡੇਢ ਏਕੜ ਜ਼ਮੀਨ ਉੱਤੇ ਜੰਗਲ ਲਗਾਇਆ ਜਾ ਰਿਹਾ ਹੈ ਜਦਕਿ ਇਕ ਏਕੜ ਕੁਝ ਸਮੇਂ ਬਾਅਦ ਵਿਕਸਤ ਕੀਤਾ ਜਾਵੇਗਾ। 
ਉਹਨਾਂ ਦੱਸਿਆ ਕਿ ਇਥੇ 20 ਤੋਂ ਵਧੇਰੇ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ, ਜਿੰਨਾ ਵਿੱਚ ਰਿਵਾਇਤੀ, ਫ਼ਲਦਾਰ, ਮੈਡੀਸਿਨਲ, ਵਾਤਾਵਰਨ ਸ਼ੁੱਧ ਕਰਨ ਵਾਲੇ ਅਤੇ ਛਾਂਦਾਰ ਬੂਟੇ ਸ਼ਾਮਿਲ ਹਨ। ਇਹਨਾਂ ਪੌਦਿਆਂ ਨੂੰ ਸੰਭਾਲਣ ਲਈ ਖੇਤੀਬਾੜੀ ਵਾਲੀ ਮੋਟਰ ਲਗਾਈ ਗਈ ਹੈ। ਇਸ ਜੰਗਲ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਿੰਡ ਵਾਲਿਆਂ ਨੇ ਸਾਂਝੇ ਤੌਰ ਉੱਤੇ ਲਈ ਗਈ ਹੈ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰ ਅਮਰ ਸਿੰਘ ਦੇ ਓ ਐਸ ਡੀ ਸ੍ਰ ਜਗਪ੍ਰੀਤ ਸਿੰਘ ਬੁੱਟਰ ਨੱਥੋਵਾਲ ਨੇ ਭਰੋਸਾ ਦਿੱਤਾ ਕਿ ਇਸ ਜੰਗਲ ਨੂੰ ਚੰਗੀ ਤਰ੍ਹਾਂ ਪ੍ਰਫੁੱਲਤ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਮਨਰੇਗਾ ਤਹਿਤ ਸਹਾਇਤਾ ਕੀਤੀ ਜਾਵੇਗੀ। 
ਪਿੰਡ ਵਾਸੀਆਂ ਨੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਜੰਗਲ ਲਗਾਉਣ ਲਈ ਅੱਗੇ ਆਉਣ। ਇਸ ਮੌਕੇ ਸ੍ਰ ਮਨਪ੍ਰੀਤ ਸਿੰਘ ਬੁੱਟਰ, ਸ੍ਰ ਜਗਦੇਵ ਸਿੰਘ, ਸ੍ਰ ਪ੍ਰੀਤਮ ਸਿੰਘ ਬੁੱਟਰ, ਸ੍ਰ ਗੁਰਸੇਵਕ ਸਿੰਘ ਸੇਬੀ, ਸ੍ਰ ਲੱਖਾ ਬੁੱਟਰ, ਸ੍ਰ ਸੀਰਾ ਮਠਾੜੂ, ਸ੍ਰ ਸਰਬਾ ਬੁੱਟਰ, ਸ੍ਰ ਹਰਵਿੰਦਰ ਸਿੰਘ ਬਿੱਟੂ, ਸ੍ਰ ਗੁਰਜੀਤ ਸਿੰਘ, ਹਾਕੀ ਕਲੱਬ ਨੱਥੋਵਾਲ, ਬਾਬਾ ਸਿੱਧ ਕਮੇਟੀ ਅਤੇ ਹੋਰ ਹਾਜ਼ਰ ਸਨ।