ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

ਜਗਰਾਓਂ,  ਜੁਲਾਈ (ਅਮਿਤ ਖੰਨਾ,) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਂਓ ਜੀ ਟੀ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਲਾਕੇ ਦੇ ਵਖ ਵਖ ਪਿੰਡਾਂ ਚੋਂ ਸੈੰਕੜੇ ਕਿਸਾਨ ਮਜਦੂਰ ਮਰਦ ਔਰਤਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਭਾਗ ਲਿਆ। ਪਿੰਡ ਸਿਧਵਾਂ ਕਲਾਂ ਅਤੇ ਕਾਉਂਕੇ ਕਲਾਂ ਤੋਂ ਨੋਜਵਾਨਾਂ, ਕਿਸਾਨਾਂ ਤੇ ਔਰਤਾਂ ਦਾ ਵੱਡਾ ਜੱਥਾ,ਸਥਾਨਕ ਸਿਹਤ ਕਾਮਿਆਂ ਦੀ ਪੈਰਾ ਮੈਡੀਕਲ ਸਟਾਫ ਦੀ ਜਥੇਬੰਦੀ, ਮਜਦੂਰ ਬਸਤੀਆਂ ਚੋਂ ਮਜਦੂਰ  ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਚ ਤੋ ਬਿਨਾਂ ਲੋਕਾਂ ਨੇ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਚ ਭਾਗ ਲਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ, ਸੁਰਜੀਤ ਸਿੰਘ ਦੋਧਰ (ਕਾਉਂਕੇ) ,ਸਾਬਕਾ ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ  ਕਿਹਾ ਕਿ ਦੇਸ਼ ਦੀ ਹਕੂਮਤ ਅਤੇ ਨਿਜੀ ਕੰਪਨੀਆਂ ਦੋਹੇਂ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰ ਰਹੀਆਂ ਹਨ। ਤੇਲ ਉਤਪਾਦਨ ਚ  ਸਰਕਾਰੀ ਕੰਪਨੀਆਂ ਨਿਜੀ ਕਾਰਪੋਰੇਟਾਂ ਨੂੰ ਵੇਚਣ ਤੋਂ ਬਾਅਦ ਹੀ ਤੇਲ ਤੇ ਰਸੋਈ ਗੈਸ ਦੇ ਰੇਟਾਂ ਚ ਮਹਿੰਗਾਈ ਬੇਲਗਾਮ ਹੌਈ ਹੈ। ਖਾਣ ਵਾਲੇ ਤੇਲਾਂ,ਦਾਲਾਂ, ਸਬਜੀਆਂ ,ਫਲਾਂ ਦੇ ਰੇਟਾਂ ਚ ਪੰਜਾਹ ਤੋਂ ਸੌ ਪ੍ਰਤੀਸ਼ਤ ਤਕ ਦਾ ਵਾਧਾ ਆਮ ਕਿਰਤੀ ਲੋਕਾਂ ਦਾ ਕਚੂਮਰ ਕੱਢ ਰਿਹਾ ਹੈ। ਇਸ ਸਮੇਂ ਬੁਲਾਰਿਆਂ ਨੇ ਤੇਲ ਕੰਪਨੀਆਂ ਦੇ ਸਰਕਾਰੀ ਕਰਨ , ਤੇਲ ਤੇ ਕੇਂਦਰੀ ਤੇ ਸੂਬਾਈ ਟੈਕਸ ਚ ਕਮੀ ਕਰਨ ਤੇ ਕੀਮਤਾਂ ਚ ਵਾਧੇ ਨੂੰ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸ ਦੋਰਾਨ ਸਥਾਨਕ ਕੈਂਟਰ ਯੂਨੀਅਨ ਨੇ ਅਪਣੇ ਵ੍ਹੀਕਲ ਜੀ ਟੀ ਰੋਡ  ਮੋਗਾ ਸਾਈਡ ਤੇ ਇਕ ਪਾਸੇ ਤੇ ਦੋ ਕਿਲੋਮੀਟਰ  ਲੰਬਾਈ ਚ ਖੜੇ ਕਰਕੇ ਅਪਣੇ ਰੋਹ ਦਾ ਇਜ਼ਹਾਰ ਕੀਤਾ। ਉਪਰੰਤ ਧਰਨਾ ਕਾਰੀਆਂ ਨੇ ਪੰਜ ਮਿੰਟ ਲਈ ਪੂਰੇ ਜੋਰ ਨਾਲ ਹਾਰਨ ਵਜਾ ਕੇ ਸਰਕਾਰ ਦੇ ਬੋਲੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ।ਇਥੋਂ ਧਰਨਾਕਾਰੀਆਂ ਨੇ ਸ਼ਹਿਰ ਦੀਆਂ ਸੜਕਾਂ ਤੇ ਲੰਬਾ ਰੋਸ ਮਾਰਚ ਕੀਤਾ । ਇਹ ਮਾਰਚ ਤਹਿਸੀਲ ਰੋਡ,ਰਾਣੀ ਝਾਂਸੀ ਚੋਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ   ਤੋ  ਹੁੰਦਾ ਹੋਇਆ ਰੇਲ ਪਾਰਕ ਚ ਚੱਲ ਰਹੇ ਪੱਕੇ ਧਰਨੇ ਚ ਪੁੱਜਾ। ਇਸ ਸਮੇ ਲੋਕ ਆਗੂ ਕੰਵਲਜੀਤ ਖੰਨਾ ਨੇ ਸਮੂਹ ਪ੍ਰਦਰਸ਼ਨ ਕਾਰੀਆਂ ਦਾ ਧੰਨਵਾਦ ਕੀਤਾ। ਇਸ ਸਮੇ ਹਰਦੀਪ ਸਿੰਘ ਗਾਲਬ,ਧਰਮ ਸਿੰਘ ਸੂਜਾਪੁਰ, ਹਰਭਜਨ ਸਿੰਘ ਸਿਧਵਾਂ,ਜਗਜੀਤ ਸਿੰਘ ਕਲੇਰ,ਕਰਨੈਲ ਸਿੰਘ ਭੋਲਾ, ਮਦਨ ਸਿੰਘ,ਜਸਵਿੰਦਰ ਸਿੰਘ ਭਮਾਲ, ਹਰਬੰਸ ਕੋਰ ਕਾਉਂਕੇ,ਜਸਬੀਰ ਕੌਰ ਸਿਧਵਾਂ ਪ੍ਰਧਾਨ, ਕੁਲਜੀਤ ਸਿੰਘ ਸਿਧਵਾਂ , ਹਰਬੰਸ ਸਿੰਘ ਬਾਰਦੇਕੇ,ਸੁਖਦੇਵ ਸਿੰਘ ਗਾਲਬ,ਬਲਬੀਰ ਸਿੰਘ ਅਗਵਾੜ ਲੋਪੋ ਆਦਿ ਹਾਜ਼ਰ ਸਨ। ਇਸ ਸਮੇ ਪ੍ਰਸਿੱਧ ਗਾਇਕ ਲਖਵੀਰ ਸਿੰਘ ਸਿੱਧੂ,ਸਤਪਾਲ ਸਿੰਘ,ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਗੀਤ ਕਵੀਸ਼ਰੀਆਂ ਰਾਹੀ ਰੰਗ ਬੰਨ੍ਹਿਆ।