ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦਾਦੀ ਮਾਂ ਤੇਰੇ ਜਾਣ ਤੋਂ ਬਾਅਦ
                           ( 6 ਜੁਲਾਈ 2018 )

ਦਿਲ ਇਕੱਲਾ ਜਿਹਾ ਹੋ ਗਿਆ ,
ਦੁੱਖਾਂ ਵਿੱਚ ਝੱਲਾ ਜਿਹਾ ਹੋ ਗਿਆ ,
ਜ਼ਖ਼ਮਾਂ ‘ਤੇ ਮੱਲ੍ਹਮ ਕੋਈ ਲਾਵੇ ਨਾ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਨਾ ਕੋਈ ਵੱਟੇ ਘੂਰੀ,ਨਾ ਕੋਈ ਦੇਵੇ ਝਿੜਕਾਂ ,
ਕਦੋਂ ਤੂੰ ਆਉਣਾ ਹਰ-ਪਲ ਤੇਰੀਆਂ ਬਿੜਕਾਂ ,
ਕੋਈ ਘੁੱਟ ਕਲ਼ੇਜੇ ਲਾਵੇ ਨਾ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਤੇਰੇ ਬਿਨਾਂ ਨਾ ਕੋਈ ਲਾਡ -ਲਡਾਵੇ ,
ਯਾਦ ਤੇਰੀ ਮੈਨੂੰ ਵੱਢ-ਵੱਢ ਖਾਵੇ ,
ਰੁਕਦਾ ਨਹੀਂ ਹੁਣ ਇਹ ਹੰਝੂਆਂ ਦਾ ਵਹਿਣ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਦਾਦੀ ਮਾਂ ਨੇ ਮੈਨੂੰ ਪੜ੍ਹਨੇ ਪਾਇਆ ਸੀ ,
ਆਮ ਤੋਂ ਖ਼ਾਸ ਬਣਾਇਆ ਸੀ ,
ਕਲਮ ਮੇਰੀ ਤੇਰੇ ਬਾਰੇ ਹੀ ਲਿਖਦੀ ਰਹੀ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਮੁੜ ਜ਼ਿੰਦਗੀ ਵਿੱਚ ਆਜਾ ਦਾਦੀ ,
ਫੇਰਾ ਇੱਕ ਪਾਜਾ ਦਾਦੀ ,
ਸਾਲ ਬਾਅਦ ਉਹ ਤਾਰੀਖ ਬੜਾ ਰਵਾਉਂਦੀ
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਹੁਣ ਬਾਤ ਕੋਈ ਪਾਉਂਦਾ ਨਹੀਂ ,
ਓਏ ਗੱਗੂ ਕਹਿ ਕੋਈ ਬੁਲਾਉਂਦਾ ਨਹੀਂ ,
ਧਾਲੀਵਾਲ ਨੂੰ ਸੰਸਾਰ ਸੁੰਨਾ ਜਿਹਾ ਜਾਪੇ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।