ਯੂਕੇ ਤੇ ਯੂਐੱਸਏ ਦੇ ਨਾਗਰਿਕਾਂ ਨੂੰ ਠੱਗਣ ਵਾਲੇ ਕੌਮਾਂਤਰੀ ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼

ਲੁਧਿਆਣਾ/ ਲੰਡਨ  (ਜਨ ਸ਼ਕਤੀ ਨਿਊਜ਼ ਬਿਊਰੋ  )  ਲੁਧਿਆਣਾ 'ਚ ਬੈਠ ਕੇ ਯੂਕੇ, ਯੂਐੱਸਏ ਤੇ ਬਾਕੀ ਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਕੌਮਾਂਤਰੀ ਫ਼ਰਜ਼ੀ ਕਾਲ ਸੈਂਟਰ ਦਾ ਪੁਲਿਸ ਦੀ ਸਾਈਬਰ ਸੈੱਲ ਟੀਮ ਨੇ ਪਰਦਾਫਾਸ਼ ਕੀਤਾ ਹੈ। ਬੁਧਵਾਰ ਨੂੰ ਕੀਤੀ ਗਈ ਰੇਡ ਦੌਰਾਨ ਪੁਲਿਸ ਨੇ ਉਥੋਂ 14.5 ਲੱਖ ਰੁਪਏ ਦੀ ਹਵਾਲਾ ਰਕਮ ਦੇ ਨਾਲ 27 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ 4 ਅਫ਼ਰੀਕਨ ਨਾਗਰਿਕ ਵੀ ਸ਼ਾਮਲ ਹਨ। ਉਥੋਂ 22 ਡੈਸਕਟਾਪ ਕੰਪਿੂਟਰ, 9 ਲੈਪਟਾਪ ਤੇ 31 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 5 'ਚ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਪੱਖੋਵਾਲ ਰੋਡ ਸਥਿਤ ਚੰਦਨ ਟਾਵਰਸ 'ਚ ਪਿਛਲੇ 4 ਮਹੀਨਿਆਂ ਤੋਂ ਇਹ ਫ਼ਰਜ਼ੀਵਾੜਾ ਚਲਾ ਰਹੇ ਸਨ। ਲੋਕਾਂ ਨੂੰ ਗੁਮਰਾਹ ਕਰਨ ਲਈ ਦਫ਼ਤਰ ਦੇ ਬਾਹਰ ਏਅਰਟੈੱਲ ਦਾ ਬੋਰਡ ਲਗਾ ਰੱਖਿਆ ਸੀ। ਅੰਦਰ 22 ਦੇ ਕਰੀਬ ਲੋਕ ਇੰਟਰਨੈੱਟ ਰਾਹੀਂ ਵਿਦੇਸ਼ਾਂ 'ਚ ਰਹਿ ਰਹੇ ਲੋਕਾਂ ਨੂੰ ਕਾਲਿੰਗ ਕਰਦੇ ਸਨ। ਗਿਰੋਹ ਦੇ ਮੈਂਬਰ ਖ਼ੁਦ ਨੂੰ ਇਨਕਮ ਟੈਕਸ ਦਾ ਅਧਿਕਾਰੀ ਬਣ ਕੇ ਅਮਰੀਕਾ ਜਾਂ ਬਿ੍ਟੇਨ ਦੇ ਲੋਕਾਂ ਨਾਲ ਅੰਗਰੇਜ਼ੀ 'ਚ ਗੱਲ ਕਰਦੇ ਸਨ। ਗਿਰੋਹ ਦੇ ਮੈਂਬਰ ਉਨ੍ਹਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਦੀ ਇਨਕਮ ਟੈਕਸ 'ਚ ਕੁਝ ਰਕਮ ਪੈਂਡਿੰਗ ਹੈ। ਉਸ ਨੂੰ ਸਮੇਂ ਸਿਰ ਜਮ੍ਹਾਂ ਨਾ ਕਰਵਾਉਣ 'ਤੇ ਜੁਰਮਾਨੇ ਦਾ ਡਰਾਵਾ ਦਿੰਦੇ ਸਨ। ਕਾਲ ਸੁਣਨ ਵਾਲੇ ਵਿਅਕਤੀ ਨੂੰ ਡਰਾ ਕੇ ਗਿਰੋਹ ਦੇ ਮੈਂਬਰ ਉਸ ਨੂੰ ਖਾਤਾ ਨੰਬਰ ਦੇ ਕੇ ਰਕਮ ਜਮ੍ਹਾਂ ਕਰਵਾਉਣ ਨੂੰ ਕਹਿੰਦੇ ਸਨ। ਉਹ ਰਕਮ ਗਿਰੋਹ ਦੇ ਵਿਦੇਸ਼ਾਂ 'ਚ ਰਹਿੰਦੇ ਮੈਂਬਰਾਂ ਦੇ ਖਾਤਿਆਂ 'ਚ ਚਲੀ ਜਾਂਦੀ ਸੀ। ਬਾਅਦ 'ਚ ਉਸ ਦਾ ਅੱਧਾ ਹਿੱਸਾ ਹਵਾਲਾ ਰਾਹੀਂ ਲੁਧਿਆਣਾ ਪਹੁੰਚਾ ਦਿੱਤਾ ਜਾਂਦਾ ਸੀ। ਸੀਪੀ ਨੇ ਦੱਸਿਆ ਕਿ ਸੋਮਲ ਸੂਦ ਉਕਤ ਟਾਵਰ ਦਾ ਮਾਲਕ ਹੈ। ਉਹ ਉਥੇ ਲਖਨ ਅਬਰੋਲ, ਜਤਿਨ ਕਾਲਰਾ, ਕੈਨ ਮਸੀਹ ਤੇ ਟਾਈਟਸ ਨਾਲ ਮਿਲ ਕੇ ਕਾਲ ਸੈਂਟਰ ਚਲਾ ਰਿਹਾ ਸੀ। ਗਿਰੋਹ ਦੇ ਮੈਂਬਰ ਇੰਟਰਨੈੱਟ ਜਾਂ ਹੋਰ ਸਰੋਤਾਂ ਰਾਹੀਂ ਗਾਹਕਾਂ ਦਾ ਡਾਟਾ ਖ਼ਰੀਦਦੇ ਸਨ। ਸੀਪੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਰੋਜ਼ਾਨਾ 30 ਹਜ਼ਾਰ ਕਾਲਾਂ ਕਰਦੇ ਸਨ। ਉਨ੍ਹਾਂ 'ਚੋਂ ਕੇਵਲ 5 ਫ਼ੀਸਦੀ ਲੋਕ ਹੀ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਕਰਦੇ ਸਨ ਤੇ ਕੇਵਲ 2 ਫ਼ੀਸਦੀ ਲੋਕ ਹੀ ਉਨ੍ਹਾਂ ਦੇ ਦੱਸੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਦੇ ਸਨ।ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਲਖਨ ਗੈਂਗ ਦਾ ਸਰਗਣਾ ਹੈ। ਦੇਸ਼ 'ਚ ਇਹ ਗੈਂਗ ਸਰਗਰਮ ਹੈ। ਲਖਨ ਦਿੱਲੀ 'ਚ ਚੱਲ ਰਹੇ ਅਜਿਹੇ ਹੀ ਇਕ ਗਿਰੋਹ ਤੋਂ ਟਰੇਨਿੰਗ ਲੈ ਕੇ ਆਇਆ ਸੀ। ਉਸ ਤੋਂ ਾਬਅਦ ਉਸ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਸਾਰਾ ਸਾਫਟਵੇਅਰ ਤਿਆਰ ਕੀਤਾ। ਕਾਲ ਕਰਨ ਵਾਲੇ ਸਾਰੇ ਨੌਜਵਾਨ 12ਵੀਂ ਪਾਸ ਹਨ। ਚਾਰ ਨਾਈਜੀਰੀਅਨ ਲੋਕਾਂ ਨੂੰ ਇਸ ਲਈ ਕਾਲਿੰਗ 'ਤੇ ਰੱਖਿਆ ਸੀ ਕਿਉਂਕਿ ਉਨ੍ਹਾਂ ਦੀ ਅੰਗਰੇਜ਼ੀ 'ਤੇ ਚੰਗੀ ਪਕੜ ਹੈ।