ਲੁਧਿਆਣਾ ,28 ਜੂਨ
ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਮਾਹਿਰਾ ਜੀ ਲੰਡਨ ਯੂ ਕੇ ਦੇ ਵਸਨੀਕ ਹੁੰਦਿਆਂ ਵੀ ਕਾਫੀ ਸਮੇਂ ਤੋਂ ਪੰਜਾਬ ਰਹਿ ਕੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮਾਂ ਵਿਚ ਜੁੱਟੇ ਹੋਏ ਹਨ। ਉਹ ਵਿਸ਼ਵ ਪੱਧਰੀ ਅੰਗ ਦਾਨ ਕਰਨ ਵਾਲੀ ਸੰਸਥਾ ਤੇ ਪੁਨਰਜੋਤ ਆਈ ਸੋਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ ਹਨ ਜਿਸ ਦਾ ਮਕਸਦ ਹੀ ਮਨੁੱਖਤਾ ਦੀ ਸੇਵਾ ਹੈ। ਇਸ ਸੋਸਾਇਟੀ ਦੁਆਰਾ ਹੁਣ ਤੱਕ ਹਜ਼ਾਰਾਂ ਜਰੂਰਤਮੰਦ ਲੋਕਾਂ ਦਾ ਇਲਾਜ ਕਰਕੇ ਇੱਕ ਨਵਾਂ ਜੀਵਨ ਦਿੱਤਾ ਹੈ।
ਅਸ਼ੋਕ ਮਾਹਿਰਾ ਜੀ ਨੇ ਅਪਣੇ ਇਸ ਸੇਵਾ ਕਾਰਜ਼ ਤੇ ਅਨੁਭਵ ਦੇ ਅਧਾਰ ਤੇ ਇਕ ਦਸਤਾਵੇਜ ਤਿਆਰ ਕਰਕੇ ਮਾਨਵਤਾ ਲਈ ਲੋਕ ਭਲਾਈ ਦਾ ਅਨੋਖਾ ਤੇ ਸਾਰਥਿਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਇਸ ਕਿਤਾਬ ਵਿਚ। ਇਹ ਕਿਤਾਬ ਇਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪਕੇ ਇਕੋ ਜ਼ਿਲਤ ਵਿੱਚ ਤਿਆਰ ਕੀਤੀ ਗਈ ਹੈ।
ਇਸ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾ ਰਮੇਸ਼ ਨਾਮਵਰ ਆਈ ਸਰਜਨ ਲੁਧਿਆਣਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਮਿੰਟੂ, ਇੰਦਰਜੀਤ ਸਿੰਘ ਗਿੱਲ, ਅਭਿਨੇਤਰੀ ਪ੍ਰਿਆ ਲਖਨਪਾਲ, ਰੂਪਾ ਅਰੋੜਾ, ਪ੍ਰਵੀਨ ਰਤਨ, ਡਾ ਰਮੇਸ਼ ਬੱਗਾ ਸੇਵਾ ਮੁਕਤ ਸਿਵਲ ਸਰਜਨ ਲੁਧਿ , ਗੁਰਦੇਵ ਸਿੰਘ ਏ ਸੀ ਪੀ, ਐਸ ਐਸ ਬਰਾੜ ਸੇਵਾ ਮੁਕਤ ਡੀ ਸੀ ਪੀ, ਰਵਿੰਦਰ ਸ਼ਰਮਾ, ਪੰਜਾਬੀ ਸਾਹਿਤਿਕ ਜਗਤ ਵਲੋਂ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਤ੍ਰੈਲੋਚਨ ਲੋਚੀ ਤੇ ਦਲਜਿੰਦਰ ਰਹਿਲ, ਕਮਲ ਮਹਿਰਾ, ਬੇਟੀ ਮੁਸਕਾਨ ਅਤੇ ਸ਼ਸ਼ੀਕਾਂਤ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋ ਇਲਾਵਾ ਪੰਜਾਬ ਭਵਨ ਸਰੀ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਯੂਰੋਪੀ ਪੰਜਾਬੀ ਸੱਥ, ਸਾਊਥਹਾਲ ਕਲਾ ਕੇਂਦਰ ਯੂ ਕੇ ਅਤੇ ਸੰਤ ਸੀਚੇਵਾਲ ਜੀ ਵਲੋਂ ਵੀ ਅਸ਼ੋਕ ਮਹਿਰਾ ਜੀ ਨੂੰ ਉਨਾ ਦੀ ਪਲੇਠੀ ਕਿਤਾਬ "ਦੁਆਵਾਂ ਦਾ ਦਰਿਆ" ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਸਮਾਗਮ ਦੀ ਸੰਚਾਲਨਾ ਜਗਜੀਤ ਪੰਜੋਲੀ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ।