ਖੇਤੀ ਬਚਾਓ ਲੋਕਤੰਤਰ ਬਚਾਓ

26ਜੂਨ ਨੂੰ ਰੇਲ ਪਾਰਕ ਪੁੱਜਣ ਦਾ ਸੱਦਾ
ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
 265 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੀ ਪ੍ਰਧਾਨਗੀ 
 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਨੇ ਕੀਤੀ। ਮੰਚ ਸੰਚਾਲਕ ਵਿਤ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਸਭ ਤੋਂ ਪਹਿਲਾਂ ਛਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਜਿਲਿਆਂ ਚ ਆਦਿਵਾਸੀਆਂ ਤੇ ਪੁਲਸ ਫਾਇਰਿੰਗ ਦੀ ਨਿੰਦਾ ਕਰਦਿਆਂ ਸੀ ਆਰ ਪੀ ਐਫ ਵਲੋਂ ਧੱਕੇ ਨਾਲ ਜਮੀਨ ਐਕਵਾਇਰ ਕਰਨ ਦੀ ਸਖਤ ਨਿੰਦਿਆ ਕੀਤੀ। ਇਸ ਸਮੇਂ 
 ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ ਨੇ ਕਿਹਾ ਕਿ ਇਕ ਪਾਸੇ ਹਕੂਮਤ ਫਸਲੀ ਚੱਕਰ ਬਦਲਣ ਦੀਆਂ ਟਾਹਰਾਂ ਮਾਰਦੀ ਹੈ ਤੇ ਦੂਜੇ ਪਾਸੇ ਮੱਕੀ ਤੇ ਮੂੰਗੀ ਵਪਾਰੀਆਂ ਵਲੋਂ ਐਮ ਐਸ ਪੀ ਤੋਂ ਵੀ ਔਣੇ ਪੋਣੇ ਮੁੱਲ ਤੇ ਖਰੀਦੀ ਜਾ ਰਹੀ ਹੈ।ਮਾਝੇ ਦੁਆਬੇ ਦੀਆਂ ਮੰਡੀਆਂ ਚ  ਮੱਕੀ  ਦੀ1850 ਰੁਪਏ ਕੀਮਤ ਸਰਕਾਰੀ ਤੋਰ ਤੇ ਨਿਸ਼ਚਿਤ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਛੇ ਸੋ ਤੋਂ 800 ਰੁਪਏ ਮਿਲ ਰਿਹਾ ਹੈ।ਯਾਨਿ ਅੱਧੇ ਤੋਂ ਵੀ ਘੱਟ। ਇਸੇ ਤਰਾਂ ਮੂੰਗੀ ਦਾ ਰੇਟ 7200 ਰੁਪਏ ਹੈ ਪਰ ਵਿਕ ਰਹੀ ਹੈ 5500 ਰੁਪਏ ਤੋਂ ਲੈ ਕੇ 6000 ਰੁਪਏ ਤੱਕ। ਉਨਾਂ ਕਿਹਾ ਕਿ ਕਿਸਾਨਾਂ ਤੋਂ 60 ਰੁਪਏ ਕਿਲੋ ਮੂੰਗੀ ਖਰੀਦ ਕੇ ਇਹੀ ਮੂੰਗੀ ਤਲ ਕੇ ਤੇ ਮਸਾਲੇ ਲਾਕੇ ਹਲਦੀ ਰਾਮ ਦੇ ਬ੍ਰਾਂਡਡ ਲਿਫਾਫਿਆਂ ਚ ਇਕ ਕਿਲੋ ਤਿੰਨ ਸੌ ਰੁਪਏ ਦੀ ਵੇਚੀ ਜਾ ਰਹੀ ਹੈ । ਉਤਪਾਦਕ ਅਤੇ ਵਪਾਰੀ ਦੀ ਕਮਾਈ ਚ ਜਮੀਨ ਅਸਮਾਨ ਦਾ ਅੰਤਰ ਹੈ।ਉਨਾਂ ਕਿਹਾ ਕਿ ਅਡਾਨੀ ਨੇ ਰਾਜਸਥਾਨ,ਮੱਧ ਪ੍ਰਦੇਸ਼ ਚੋਂ ਸਾਰੀ ਸਰੋਂ ਖਰੀਦ ਕੇ ਸਰੋਂ ਦੇ ਤੇਲ ਤੇ ਅਜਾਰੇਦਾਰੀ ਬਣਾ ਕੇ ਕੇਰਾਂ ਹੀ ਇਸ ਦੇ ਰੇਟ ਦੁਗਣੇ ਕਰ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਚ ਮੋਦੀ ਹਕੂਮਤ ਇਨਾਂ ਕਾਲੇ ਕਾਨੂੰਨਾਂ ਰਾਹੀਂ ਇਸ ਲੁੱਟ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੀ ਹੈ।ਗਰੀਬ ਭਾਵੇਂ ਭੁੱਖੇ ਮਰ ਜਾਣ। 
ਇਸ ਸਮੇਂ ਹਰਿਆਣਾ ਚ ਪੰਚਕੂਲਾ ਞਿਖੇ ਕਿਸਾਨਾਂ ਤੇ ਹਰਿਆਣਾ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖਤ ਨਿੰਦਿਆ ਕੀਤੀ ਗਈ।  ਬੁਲਾਰਿਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਚ ਖੇਤੀ ਬਚਾਓ  ਲੋਕਤੰਤਰ ਬਚਾਓ ਲਈ ਹੋ ਰਹੀ ਵਿਸ਼ਾਲ ਕਾਨਫਰੰਸ ਚ ਪੁੱਜਣ ਦਾ ਸੱਦਾ  ਦਿੱਤਾ। ਇਸ ਸਮੇਂ ਜਗਨ ਨਾਥ ਸੰਘਰਾਓ  ਹਰਬੰਸ ਸਿੰਘ ਬਾਰਦੇਕੇ ,ਮਲਕੀਤ ਸਿੰਘ ਰੂਮੀ, ਤੇਜਾ ਸਿੰਘ ਰੂਮੀ, ਬੰਤਾ ਸਿੰਘ ਚਾਹਲ  ਹਾਜ਼ਰ ਸਨ।