ਵੈਨਕੂਵਰ ਅਤੇ ਟੋਰਾਂਟੋ -ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸੰਸਦ ਵਿਚ ਮਤਾ ਪੇਸ਼

ਵੈਨਕੂਵਰ, ਮਈ 2019  ਕੈਨੇਡਾ ’ਚ ਵਸੇ ਪੰਜਾਬੀ ਭਾਈਚਾਰੇ ਦੀ ਦਿੱਲੀ ਹਵਾਈ ਅੱਡੇ ’ਤੇ ਹੁੰਦੀ ਖੱਜਲ-ਖੁਆਰੀ ਤੋਂ ਬਚਾਉਣ ਅਤੇ ਪੰਜਾਬ ਦੇ ਬਾਗ਼ਬਾਨਾਂ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ ਤੋਂ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਹਵਾਈ ਉਡਾਣਾਂ ਚਲਵਾਉਣ ਲਈ ਕੈਨੇਡਾ ਦੀ ਪਾਰਲੀਮੈਂਟ ਵਿਚ ਮਤਾ ਪੇਸ਼ ਕੀਤਾ ਗਿਆ ਹੈ। ਮਤੇ ਵਿਚ ਸਰਕਾਰ ਰਾਹੀਂ ਹਵਾਈ ਕੰਪਨੀਆਂ ਉੱਤੇ ਦਬਾਅ ਬਣਾਉਣ ਵਾਸਤੇ ਹੋਰ ਮੈਂਬਰਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਦੇ ਮੋਹਰੀ ਪਾਰਲੀਮੈਂਟ ਮੈਂਬਰਾਂ ਵਿਚ ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਸੁਖ ਧਾਲੀਵਾਲ ਦੇ ਨਾਂ ਪ੍ਰਮੁੱਖ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਮੀਪ ਸਿੰਘ ਗੁਮਟਾਲਾ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਕਾਰਨ ਇਸ ਮੰਗ ਦੀ ਮਹੱਤਤਾ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਸਦ ਮੈਂਬਰਾਂ ਦੀ ਫੈਡਰਲ ਸਰਕਾਰ ਤੋਂ ਮੰਗ ਹੈ ਕਿ ਉਹ ਏਅਰ ਕੈਨੇਡਾ ਨੂੰ ਵੈਨਕੂਵਰ ਅਤੇ ਟੋਰਾਂਟੋਂ ਤੋਂ ਅੰਮ੍ਰਿਤਸਰ ਤਕ ਸਿੱਧੀਆਂ ਉਡਾਣਾਂ ਚਾਲੂ ਕਰਨ ਲਈ ਕਹੇ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਕੇਐੱਲਐੱਮ, ਲੁਫਥਾਂਸਾ, ਬ੍ਰਿਟਿਸ਼ ਏਅਰ, ਏਅਰ ਫਰਾਂਸ ਆਦਿ ਹਵਾਈ ਕੰਪਨੀਆਂ ਨੂੰ ਵੀ ਕਹਿਣ ਕਿ ਉਹ ਆਪੋ-ਆਪਣੇ ਦੇਸ਼ਾਂ ਦੀਆਂ ਹਵਾਈ ਹੱਬਾਂ ਤੋਂ ਅੰਮ੍ਰਿਤਸਰ ਉਡਾਣਾਂ ਦੇ ਪ੍ਰਬੰਧ ਕਰਨ। ਸਮੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਬਾਗ਼ਬਾਨਾਂ ਦੇ ਫ਼ਲ ਤੇ ਸਬਜ਼ੀਆਂ ਤਾਜ਼ਾ ਹਾਲਤ ’ਚ ਕੈਨੇਡਾ ਪਹੁੰਚਾਈਆਂ ਜਾ ਸਕਣਗੀਆਂ, ਜਿਨ੍ਹਾਂ ਦਾ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਲੂਬੈਰੀ ਸਮੇਤ ਕੈਨੇਡਾ ਦੇ ਕਈ ਉਤਪਾਦਨ, ਜਿਨ੍ਹਾਂ ਦੀ ਪੰਜਾਬ ਵਿਚ ਮੰਗ ਹੈ, ਰੋਜ਼ਾਨਾ ਪੰਜਾਬ ਦੀਆਂ ਮੰਡੀਆਂ ’ਚ ਪਹੁੰਚ ਸਕਣਗੇ। ਸੁੱਖ ਧਾਲੀਵਾਲ ਨੇ ਕਿਹਾ ਕਿ ਜੇ ਭਾਰਤ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਉਨ੍ਹਾਂ ਨੂੰ ਭਰੋਸਾ ਹੈ ਕਿ ਕੁਝ ਮਹੀਨਿਆਂ ਤਕ ਹਵਾਈ ਰਸਤੇ ਅੰਮ੍ਰਿਤਸਰ ਸਿੱਧੇ ਤੌਰ ’ਤੇ ਕੈਨੇਡਾ ਨਾਲ ਜੁੜ ਜਾਵੇਗਾ।