ਪੋਲਟਰੀ ਫਾਰਮ 'ਚ ਇੰਫੈਕਟਿਡ ਮੁਰਗੇ-ਮੁਰਗੀਆਂ ਨੂੰ ਮਾਰਨ ਲਈ ਕਮੇਟੀ ਗਠਿਤ-Video

ਕਿਲ੍ਹਾ ਰਾਏਪੁਰ /ਲੁਧਿਆਣਾ -ਮਈ 2021 ( ਜਗਰੂਪ ਸਿੰਘ ਸੁਧਾਰ  )

ਨਜ਼ਦੀਕੀ ਪਿੰਡ ਕਿਲ੍ਹਾ ਰਾਏਪੁਰ ਸਥਿਤ ਪੋਲਟਰੀ ਫਾਰਮ ਵਿਚ ਜਾਨਵਰਾਂ (ਮੁਰਗੇ-ਮੁਰਗੀਆਂ) ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹਾਈ-ਸਕਿਓਰਟੀ ਐਨੀਮਲ ਡਿਸੀਜ਼ ਭੋਪਾਲ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਸੂਬਾ ਸਿੰਘ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਦੇ ਨਮੂਨਿਆਂ ਵਿਚ ਏਵੀਅਨ ਫਲੂ ਹੋਣ ਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪੋਲਟਰੀ ਦੇ ਮੁਰਗੇ-ਮੁਰਗੀਆਂ ਨੂੰ ਮਾਰਨ ਤੇ ਬਿਮਾਰੀ ਦੀ ਰੋਕਥਾਮ ਤੇ ਨਿਗਰਾਨੀ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ।

ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸਕੱਤਰ ਸਿੰਘ ਬੱਲ ਜਾਂਚ ਕਮੇਟੀ ਦੇ ਚੇਅਰਮੈਨ ਹੋਣਗੇ ਤੇ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ, ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀਡੀਪੀਓ ਡੇਹਲੋਂ, ਮੰਡਲ ਜੰਗਲਾਤ ਅਧਿਕਾਰੀ, ਐੱਸਐੱਮਓ ਡੇਹਲੋਂ ਡਾ. ਸਵਿਤਾ ਸ਼ੁਕਲਾ, ਨਾਇਬ ਤਹਿਸੀਲਦਾਰ ਡੇਹਲੋਂ ਅਨੂਦੀਪ ਸ਼ਰਮਾ ਤੇ ਕਾਰਜਕਾਰੀ ਇੰਜੀਨੀਅਰ ਪੀਡਬਲਯੂਡੀ ਆਦੇਸ਼ ਗੁਪਤਾ ਇਸ ਕੰਮ ਨੂੰ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣਗੇ।

ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮ ਵਿਚ ਬਿਮਾਰੀ ਦਾ ਕੇਂਦਰ 0-10 ਕਿਲੋਮੀਟਰ ਦਾ ਏਰੀਆ ਲਾਗ ਵਾਲੇ ਜ਼ੋਨ ਵਜੋਂ ਐਲਾਨਿਆ ਹੈ ਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ। ਇਸ ਮੌਕੇ ਏਡੀਸੀ ਖੰਨਾ ਸਕੱਤਰ ਸਿੰਘ ਬੱਲ ਦੀ ਅਗਵਾਈ ਵਾਲੀ ਕਮੇਟੀ ਨੇ ਪੋਲਟਰੀ ਫਾਰਮ ਦੇ ਬਾਹਰਲੇ ਹਾਲਾਤ ਦਾ ਜਾਇਜ਼ਾ ਲਿਆ ਤੇ ਕਮੇਟੀ ਮੈਂਬਰਾਂ ਨੂੰ ਆਉਂਦੇ ਦਿਨਾਂ ਵਿਚ ਪੰਛੀਆਂ ਦੇ ਖ਼ਾਤਮੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।