ਸੈਂਟਰ ਸਰਕਾਰ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰ ਕੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ-ਸੁਦੇਸ਼ ਰਾਣੀ, ਹਰਚੰਦ ਕੌਰ     

ਮੋਦੀ ਸਰਕਾਰ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਨੇ ਬੰਦ ਕਰੇ......                                                                                                                         
     ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021 -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਸਰਕਾਰ ਕਿਸਾਨ ਅਤੇ ਮਜ਼ਦੂਰਾਂ   ਪ੍ਰਤੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਹਰ ਵਰਗ ਦਾ ਗਲਾ ਘੁੱਟ ਰਹੀ ਹੈ। ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ 4 ਸੌ ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਗਏ। ਹੱਡ ਚੀਰਵੀਂ ਠੰਢ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜਦੇ ਆ ਰਹੇ ਅਤੇ ਹੁਣ ਅੱਤ ਦੀ ਗਰਮੀ ਦੇ ਮੌਸਮ ਵਿੱਚ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਐੱਮਐੱਲਏ ਮੈਂਬਰ ਆਲ ਇੰਡੀਆ ਕਾਂਗਰਸ ਬੀਬੀ ਹਰਚੰਦ ਕੌਰ ਘਨੌਰੀ ਅਤੇ ਸੈਕਟਰੀ ਕਾਂਗਰਸ ਪੰਜਾਬ ਬੀਬੀ ਸੁਦੇਸ਼ ਰਾਣੀ ਜੋਸ਼ੀ ਨੇ ਕਿਹਾ ਕਿ ਕਿਸਾਨ, ਮਜ਼ਦੂਰਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ ਸੈਂਟਰ ਸਰਕਾਰ ਨੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ,ਮਜ਼ਦੂਰ ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਪਰ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ, ਮਜ਼ਦੂਰਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ   ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ 7 ਮਹੀਨਿਆਂ ਤੋਂ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਜਾਰੀ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਹਰ ਵਰਗ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ। ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕੀਤਾ ਅਤੇ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਬੀਬੀ ਹਰਚੰਦ ਕੌਰ ਅਤੇ ਸੁਦੇਸ਼ ਰਾਣੀ ਜੋਸੀ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੋਰ ਭਰਮ, ਭੁਲੇਖੇ ਕੱਢ ਕੇ ਆਓ ਆਪਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਈਏ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਮਾਰੂ ਕਾਨੂੰਨ ਪਾਸ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਕਿਸਾਨਾਂ, ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।