ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ “ਆਈ ਵਿਸਾਖੀ ਪੱਬ ਨੀ ਉੱਠਦਾ” ਦੇ ਸਿਰਲੇਖ ਹੇਠ ਵਿਸਾਖੀ ਵਿਸ਼ੇਸ਼ ਸੰਤ ਰਾਮ ਉਦਾਸੀ ਤੇ ਡਾ ਭੀਮ ਰਾੳ ਅੰਬੇਦਕਰ ਨੂੰ ਸਮਰਪਿਤ ਸਾਹਿਤਿਕ ਸਮਾਗਮ ਦਾ ਆਯੋਜਨ

ਇਟਲੀ ( 18 ਅਪ੍ਰੈਲ  2021 )

ਇਸ ਵਾਰ ਦੀ ਵਿਸਾਖੀ ਕਈ ਪੱਖਾਂ ਕਰਕੇ ਪਹਿਲਾਂ ਨਾਲੋਂ ਵੱਖਰੀ ਕਰਕੇ ਦੇਖੀ ਜਾ ਰਹੀ ਹੈ। ਕਿਉਂਕਿ ਇਸ ਵਾਰ ਇੱਕ ਪਾਸੇ ਤਾਂ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਵਿੱਚ ਤਹਿਲਕਾ ਮਚਾਇਆ ਪਿਆ ਹੈ। ਦੂਸਰੇ ਪਾਸੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇ਼ ਭਾਰਤ ਵਿੱਚ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਲੰਮਾ ਸਮਾਂ ਬੀਤ ਗਿਆ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਗਈ ਅੱਠਵੀਂ ਸਾਹਿਤਕ ਲੜੀ ਦੇ ਸਮਾਗਮ ਵਿੱਚ ਵਿਸਾਖੀ ਉੱਪਰ ਵਿਚਾਰ ਚਰਚਾ ਕਰਨ ਲਈ ਲਈ “ਆਈ ਵਿਸਾਖੀ ਪੱਬ ਨੀ ਉੱਠਦਾ” ਦੇ ਸਿਰਲੇਖ ਹੇਠ ਆਨਲਾਈਨ ਸਾਹਿਤਿਕ ਸਮਾਗਮ ਕਰਵਾਇਆ ਗਿਆ ਜੋ ਲੋਕ ਕਵੀ ਸੰਤ ਰਾਮ ਉਦਾਸੀ ਤੇ ਡਾ ਭੀਮ ਰਾੳ ਅੰਬੇਦਕਰ ਜੀ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਤੇ ਚਿੰਤਕ ਡਾ ਐਸ ਪੀ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਅਤੇ ਵਿਸੇ਼ਸ਼ ਮਹਿਮਾਨ ਵਜੋਂ ਪ੍ਰੋ ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰਿਆਂ ਵਜੋਂ ਡਾ ਮੁਨੀਸ਼ ਕੁਮਾਰ ਦਿੱਲੀ, ਡਾ ਸਿਮਰਨ ਸੇਠੀ ਰਾਮਾਨੁਜਨ ਕਾਲਜ ਦਿੱਲੀ ਯੂਨੀਵਰਸਿਟੀ, ਮੋਹਣ ਸਿੰਘ ਮੋਤੀ ਚੀਫ਼ ਮੈਨੇਜਰ ਯੂਕੋ ਬੈਂਕ ਨੇ ਮੌਜੂਦਾ ਹਾਲਾਤਾਂ ਉੱਪਰ ਵਿਸਾਖੀ ਨਾਲ ਸੰਬੰਧਤ ਵਿਚਾਰਾਂ ਸਾਂਝੀਆਂ ਕੀਤੀਆਂ। ਮੋਹਣ ਸਿੰਘ ਮੋਤੀ ਨੇ ਵਿਸਾਖੀ ਦੇ ਇਤਿਹਾਸਕ ਤੇ ਧਾਰਮਿਕ ਪੱਖ ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਤੋਂ ਬਾਅਦ ਡਾ ਸਿਮਰਨ ਸੇਠੀ ਨੇ ਵਿਸਾਖੀ ਦੇ ਸਭਿਆਚਾਰ ਤੇ ਸਮਾਜਿਕ ਪੱਖ ਨੂੰ ਬਹੁਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰਿਆ। ਉਪਰੰਤ ਡਾ ਮਨੀਸ਼ ਕੁਮਾਰ ਵੱਲੋਂ ਵਿਸਾਖੀ ਦੇ ਰਾਜਨੀਤਕ ਅਤੇ ਅਜੋਕੇ ਪੱਖ ਨੂੰ ਵਿਚਾਰਦਿਆਂ ਬਹੁਤ ਖੂਬਸੂਰਤ ਤੇ ਚੇਤੰਨ ਭਰਭੂਰ ਵਿਚਾਰ ਚਰਚਾ ਕੀਤੀ ਗਈ । ਤਿੰਨਾਂ ਹੀ ਬੁਲਾਰਿਆਂ ਦੀ ਸਾਰੀ ਵਿਚਾਰ ਚਰਚਾ ਵਿਸਾਖੀ ਦੇ ਉਪਰੋਕਤ ਪੱਖਾਂ ਨੂੰ ਲੈ ਕੇ ਸਮਾਗਮ ਨੂੰ ਬਹੁਤ ਉੱਚੇ ਪੱਧਰ ਤੇ ਲਿਜਾਣ ਵਿੱਚ ਸਫ਼ਲ ਰਹੀ। ਇਸ ਤੋਂ ਬਾਅਦ ਡਾ ਐਸ ਪੀ ਸਿੰਘ ਅਤੇ ਪ੍ਰੋ ਗੁਰਭਜਨ ਗਿੱਲ ਨੇ ਵਿਸਾਖੀ ਅਤੇ ਅੱਜਕੱਲ ਦੇ ਭੱਖਦੇ ਮਸਲਿਆਂ ਤੇ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਜਿੱਥੇ ਆਰੰਭਕੀ ਬੋਲਾਂ ਵਿੱਚ ਸਭਨਾਂ ਨੂੰ ਜੀ ਆਇਆਂ ਆਖਿਆ ਉੱਥੇ ਉਹਨਾਂ ਵੀ ਅਜੋਕੇ ਸੰਦਰਭ ਤੇ ਚਿੰਤਾ ਵੀ ਜਾਹਿਰ ਕੀਤੀ। ਪ੍ਰੋ ਜਸਪਾਲ ਸਿੰਘ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ਅਤੇ ਇਸ ਸਮਾਗਮ ਦਾ ਮੁਲਾਂਕਣ ਵੀ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਕਿਹਰ ਸ਼ਰੀਫ਼ ਜਰਮਨੀ, ਅਮਜਦ ਆਰਫ਼ੀ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਕਿਰਨ ਪਾਹਵਾ ਮੰਡੀ ਗੋਬਿੰਦਗੜ੍ਹ, ਜਗਦੀਪ ਸ਼ਾਹਪੁਰੀ ਮੋਗਾ, ਪਰੇਮਪਾਲ ਸਿੰਘ ਇਟਲੀ, ਸੋਹਣ ਸਿੰਘ ਹੈਦਰਾਬਾਦ, ਮਾਸਟਰ ਗੁਰਮੀਤ ਸਿੰਘ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ ਜਿਹਨਾਂ ਵਿੱਚ ਰਾਣਾ ਅਠੌਲਾ, ਮੇਜਰ ਸਿੰਘ ਖੱਖ, ਦਲਜਿੰਦਰ ਰਹਿਲ, ਸਿੱਕੀ ਝੱਜੀ ਪਿੰਡ ਵਾਲਾ, ਮਲਕੀਅਤ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਨਿਰਵੈਲ ਸਿੰਘ ਢਿੱਲੋਂ ਆਦਿ ਨੇ ਬਾਖੂਬੀ ਹਾਜ਼ਰੀ ਲਗਾਈ। ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਨੇ ਬਹੁਤ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਨਿਭਾਈ।