ਪਦਮਸ਼੍ਰੀ ਭਾਈ ਨਿਰਮਲ ਸਿੰਘ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

ਪਦਮਸ਼੍ਰੀ ਭਾਈ ਨਿਰਮਲ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੀਰਤਨ ਰਾਹੀਂ ਕੌਮਾਂਤਰੀ ਪੱਧਰ 'ਤੇ ਪਸਾਰਨ ਅਤੇ ਪ੍ਰਚਾਰਨ ਲਈ ਜੋ ਘਾਲਣਾ ਘਾਲੀ, ਦੀ ਪ੍ਰਸੰਸਾ ਕਰਨ ਲਈ  ਨਵੇਂ ਸ਼ਬਦਾਂ ਦੀ ਖੋਜ ਕਰਨੀ ਪਵੇਗੀ, ਜੋ ਬਹੁਤ ਔਖਾ ਕਾਰਜ ਹੈ,ਪਰ ਅੱਜ ਤੋਂ ਇੱਕ ਸਾਲ ਪਹਿਲਾਂ 2 ਅਪ੍ਰੈਲ, 2020 ਨੂੰ ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਵੇਲੇ  ਸਿਵੇ ਵੀ ਬੇ-ਮੁੱਖ ਹੋ ਗਏ ਸਨ! ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਂ ਦਾ ਸੰਸਾਰ ਵਿੱਚ ਡੰਕਾ ਵੱਜਦਾ ਸੀ, ਦਾ ਅੰਤਿਮ ਸਸਕਾਰ ਕਰਨ ਤੋਂ ਰੋਕਣ ਲਈ  ਪਿੰਡ ਵੇਰਕਾ (ਅੰਮ੍ਰਿਤਸਰ) ਦੇ ਲੋਕਾਂ ਨੇ ਸਿਵਿਆਂ ਵਾਲੀ ਥਾਂ 'ਤੇ ਨਾਕਾਬੰਦੀ ਕਰ ਲਈ ਸੀ।
ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਲਈ ਐਸ ਜੀ ਪੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ  ਵੀ ਜੋ ਬਣਦੀ ਜਿੰਮੇਵਾਰੀ ਸੀ, ਨਹੀਂ ਨਿਭਾਈ ਗਈ।  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਪਦਮ ਸ੍ਰੀ ਦੇ ਅੰਤਿਮ ਸਸਕਾਰ ਮੌਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿਮ ਵਿਦਾਇਗੀ  ਵੇਲੇ ਬਣਦਾ ਮਾਣ ਸਨਮਾਨ ਨਾ ਦੇਣਾ ਅੱਤ ਨਿੰਦਣਯੋਗ ਘਟਨਾ ਸੀ।ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦਾ ਸਿੱਖੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ  ਹੈ। ਗੁਰਬਾਣੀ ਨੂੰ ਸੁਰਾਂ ਰਾਹੀਂ ਉਚਾਰਨ ਕਰਨ  ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ, ਇਸ ਲਈ ਖਾਲਸਾ ਪੰਥ ਦੇ ਨਾਲ ਨਾਲ ਉਹਨਾਂ ਦਾ ਸੰਗੀਤ ਜਗਤ ਵਿੱਚ ਵੀ ਵੱਡਾ ਸਨਮਾਨ ਸੀ। ਇਸੇ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਜਦਕਿ  ਸਾਰੀ ਜਿੰਦਗੀ ਸਿੱਖ ਕੌਮ ਅਤੇ  ਸਮਾਜ ਦੇ ਲੇਖੇ ਲਗਾਉਣ ਵਾਲੀ ਦੁਨੀਆ ਭਰ ਵਿੱਚ ਮਾਣ ਸਨਮਾਨ ਪ੍ਰਾਪਤ ਸਖਸ਼ੀਅਤ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਸਰਕਾਰ  ਅਤੇ ਜਿਲ੍ਹਾ ਪ੍ਸ਼ਾਸਨ  ਵਲੋਂ  ਬਣਦਾ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਰਹੀ ਸ਼ਮਸ਼ਾਨ ਘਾਟ ਵਿੱਚ ਸਸਕਾਰ ਨਾ ਕਰਵਾ ਸਕਣਾ ਆਪਣੇ ਆਪ ਵਿੱਚ ਬੜੀ  ਸ਼ਰਮਨਾਕ ਅਤੇ ਅੱਤ ਨਿੰਦਣਯੋਗ ਘਟਨਾ ਸੀ। ਅਨੂਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਗਜਟਿਡ ਅਤੇ ਨਾਨ ਗਜਟਿਡ ਅਫਸਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਤੇ ਨਗਰ ਨਿਗਮ ਲੁਧਿਆਣਾ ਦੇ ਸਾਬਕਾ ਰਜਿਸਟਰਾਰ ਮੇਵਾ ਸਿੰਘ ਗੁੱਜਰਵਾਲ ਦਾ ਕਹਿਣਾ ਹੈ ਕਿ  ਸੰਸਾਰ ਪ੍ਰਸਿੱਧ  ਸਖਸ਼ੀਅਤ ਦੀਆਂ ਅੰਤਿਮ ਰਸਮਾਂ ਵੇਲੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਕਹੀ  ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਬਣਦੀ ਜੁੰਮੇਵਾਰੀ ਨਾ ਨਿਭਾਉਣੀ ਬਹੁਤ ਵੱਡੀ ਅਤੇ ਇਤਿਹਾਸਕ  ਭੁੱਲ ਹੈ, ਜੋ ਹਮੇਸ਼ਾ ਸਮੁੱਚੀ ਸਿੱਖ ਕੌਮ ਨੂੰ ਰੜਕਦੀ ਰਹੇਗੀ।
ਪਦਮਸ਼੍ਰੀ ਭਾਈ ਨਿਰਮਲ ਸਿੰਘ ਦੱਬੇ ਕੁਚਲੇ ਮੱਜਬੀ ਸਿੱਖ ਪਰਿਵਾਰ ਵਿਚ ਪੈਦਾ ਹੋਏ ਸਨ ਅਤੇ ਉਹ ਕੇਵਲ 5 ਜਮਾਤਾਂ ਪਾਸ ਸਨ, ਪਰ ਉਨ੍ਹਾਂ ਦੁਆਰਾ ਸੰਗੀਤ ਸਬੰਧੀ ਲਿਖੀਆਂ ਖੋਜ ਭਰਪੂਰ 2 ਕਿਤਾਬਾਂ ਪੰਜਾਬੀ  ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਲਈ ਪਾਠ-ਕ੍ਰਮ ਦਾ ਹਿੱਸਾ ਬਣੀਆਂ ਹੋਈਆਂ ਹਨ। ਉਨ੍ਹਾਂ ਸਦਕਾ ਵੱਡੀ ਗਿਣਤੀ ਵਿਚ ਵਿਦਿਆਰਥੀ ਪੀ ਐਚ ਡੀ ਕਰ ਕੇ ਵਿਦਵਾਨ ਹੋਣ ਦਾ ਰੁਤਬਾ ਪਾ ਚੁੱਕੇ ਹਨ ਜਦਕਿ ਅੱਗੇ ਵੀ ਵਿਦਿਆਰਥੀ ਪੀ ਐਚ ਡੀ ਕਰ ਰਹੇ ਹਨ।
ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਰਥਿਕ ਥੁੜਾਂ ਅਤੇ ਸਮਾਜਿਕ ਮਾਰਾਂ ਤੋਂ ਨਾ ਘਬਰਾਉਂਦੇ ਹੋਏ, ਨਵੇਂ ਰਾਹ ਪੈਦਾ ਕਰਕੇ ਮੰਜ਼ਿਲ ਨੂੰ ਛੂਹਿਆ ਜਾਵੇ!
- ਸੁਖਦੇਵ ਸਲੇਮਪੁਰੀ
09780620233
2 ਅਪ੍ਰੈਲ, 2021