You are here

ਮਿਸਰ ਦੀ ਸਵੇਜ਼ ਨਹਿਰ ਵਿਚ ਫਸਿਆ ਵੱਡਾ ਕਾਰਗੋ ਕੰਟੇਨਰ ਜਹਾਜ਼ 

ਦੁਬਈ (ਏਜੰਸੀ) -ਮਿਸਰ ਦੀ ਸਵੇਜ਼ ਨਹਿਰ ਵਿਚ ਫਸਿਆ ਵੱਡਾ ਕਾਰਗੋ ਕੰਟੇਨਰ ਜਹਾਜ਼ ਸੋਮਵਾਰ ਦੇਰ ਸ਼ਾਮ ਨਿਕਲ ਗਿਆ। ਇਸ ਦੇ ਨਾਲ ਹੀ ਨਹਿਰ ਵਿਚ ਆਵਾਜਾਈ ਆਮ ਵਾਂਗ ਹੋ ਗਈ। ਪਹਿਲੀ ਖੇਪ ਵਿਚ 43 ਜਹਾਜ਼ਾਂ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਜਹਾਜ਼ ਦੇ ਫੱਸਣ ਕਾਰਨ ਇਹ ਮਾਰਗ ਪਿਛਲੇ ਇਕ ਹਫ਼ਤੇ ਤੋਂ ਬੰਦ ਸੀ ਜਿਸ ਕਾਰਨ ਨਹਿਰ ਵਿਚ 400 ਤੋਂ ਵੱਧ ਜਹਾਜ਼ ਫੱਸ ਗਏ ਸਨ। ਐੱਮਵੀ ਏਵਰ ਗਿਵਨ ਨਾਂ ਦੇ ਇਸ ਜਹਾਜ਼ 'ਤੇ ਪਨਾਮਾ ਦਾ ਝੰਡਾ ਲੱਗਾ ਸੀ। ਇਹ ਜਹਾਜ਼ ਏਸ਼ੀਆ ਅਤੇ ਯੂਰਪ ਵਿਚਕਾਰ ਵਪਾਰ ਕਰਦਾ ਹੈ। ਐਵਰਗ੍ਰੀਨ ਮਰੀਨ ਕਾਰਪਸ ਨਾਮਕ ਤਾਇਵਾਨ ਦੀ ਇਕ ਸ਼ਿਪਿੰਗ ਕੰਪਨੀ ਇਸ ਜਹਾਜ਼ ਦਾ ਸੰਚਾਲਨ ਕਰਦੀ ਹੈ। ਸਵੇਜ਼ ਕੈਨਾਲ ਅਥਾਰਟੀ ਦੇ ਚੇਅਰਮੈਨ ਓਸਾਮਾ ਰੇਬਈ ਨੇ ਕਿਹਾ ਕਿ ਜਹਾਜ਼ ਨੂੰ ਕੱਢਣ ਦੌਰਾਨ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਉਸ ਨੂੰ ਬਾਹਰ ਕੱਢਣ ਲਈ ਉਸ ਦੇ ਹੇਠਾਂ ਦੀ 30 ਹਜ਼ਾਰ ਕਿਊਬਿਕ ਮੀਟਰ ਮਿੱਟੀ ਕੱਢਣੀ ਪਈ ਅਤੇ 11 ਛੋਟੀਆਂ ਤੇ ਵੱਡੀਆਂ ਕਿਸ਼ਤੀਆਂ ਦਾ ਸਹਾਰਾ ਲੈਣਾ ਪਿਆ। ਜਹਾਜ਼ ਦੀ ਟੈਕਨੀਕਲ ਮੈਨੇਜਰ ਬਰਨਹਾਰਡ ਸੁਲਤ ਸ਼ਿਪ ਮੈਨੇਜਮੈਂਟ ਨੇ ਕਿਹਾ ਹੈ ਕਿ ਜਹਾਜ਼ ਤੋਂ ਕਿਸੇ ਤਰ੍ਹਾਂ ਦਾ ਰਿਸਾਅ ਅਤੇ ਪ੍ਰਦੂੁਸ਼ਣ ਫੈਲਣ ਦੀ ਖ਼ਬਰ ਨਹੀਂ ਹੈ। ਫਸੇ ਹੋਏ ਜਹਾਜ਼ਾਂ ਨੂੰ ਕੱਢਣ ਵਿਚ ਤਿੰਨ ਦਿਨ ਦਾ ਸਮਾਂ ਲੱਗੇਗਾ।

ਕੱਚੇ ਤੇਲ ਦੀ ਕੀਮਤ ਘਟੀ

ਜਹਾਜ਼ ਦੇ ਨਿਕਲਣ ਨਾਲ ਕੱਚੇ ਤੇਲ ਦੀ ਕੀਮਤ ਇਕ ਫ਼ੀਸਦੀ ਤੋਂ ਜ਼ਿਆਦਾ ਘੱਟ ਕੇ 63.85 ਡਾਲਰ ਪ੍ਰਤੀ ਬੈਰਲ ਹੋ ਗਈ। ਜਹਾਜ਼ ਦਾ ਸੰਚਾਲਨ ਕਰਨ ਵਾਲੀ ਐਵਰਗ੍ਰੀਨ ਮਰੀਨ ਕਾਰਪ ਦਾ ਸ਼ੇਅਰ ਤਾਇਵਾਨ ਸ਼ੇਅਰ ਬਾਜ਼ਾਰ ਵਿਚ 1.75 ਫ਼ੀਸਦੀ ਉਪਰ ਬੰਦ ਹੋਇਆ।

ਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਦੀ ਹੈ ਨਹਿਰ

ਸਵੇਜ਼ ਨਹਿਰ ਭੂਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਦੀ ਹੈ। ਇਸ ਮਾਰਗ ਰਾਹੀਂ ਏਸ਼ੀਆ ਤੋਂ ਯੂਰਪ ਜਾਣ ਵਾਲੇ ਜਹਾਜ਼ਾਂ ਨੂੰ ਅਫਰੀਕਾ ਘੁੰਮ ਕੇ ਨਹੀਂ ਜਾਣਾ ਪੈਂਦਾ ਹੈ। ਨਹਿਰ ਤੋਂ ਹਰ ਰੋਜ਼ ਸਾਢੇ 9 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਕੁਲ ਵਿਸ਼ਵ ਕਾਰੋਬਾਰ ਦਾ ਲਗਪਗ 12 ਫ਼ੀਸਦੀ ਇਸੇ ਨਹਿਰ ਦੇ ਮਾਧਿਅਮ ਰਾਹੀਂ ਹੁੰਦਾ ਹੈ। ਇੱਥੋਂ ਲੰਘਣ ਵਾਲੇ ਜਹਾਜ਼ਾਂ ਤੋਂ ਮਿਸਰ ਨੂੰ ਵਿਦੇਸ਼ੀ ਮੁਦਰਾ ਵੀ ਪ੍ਰਰਾਪਤ ਹੁੰਦੀ ਹੈ। ਜਹਾਜ਼ ਫੱਸਣ ਨਾਲ ਕੈਨਾਲ ਅਥਾਰਟੀ ਨੂੰ ਹਰ ਰੋਜ਼ 1.4 ਤੋਂ 1.5 ਕਰੋੜ ਡਾਲਰ ਦਾ ਨੁਕਸਾਨ ਹੋ ਰਿਹਾ ਸੀ।