ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ ) - ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਫਾਸਟਵੇਅ ਕੇਬਲ ਵੱਲੋਂ ਕੀਤੇ ਮਾਣਹਾਨੀ ਦੇ ਮਾਮਲੇ ਦੇ ਵਿੱਚ ਬੈਂਸ ਨੂੰ ਜਾਰੀ ਕੀਤੇ ਹਨ। ਜਿਸ ਦੇ ਸਬੰਧ 'ਚ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੇਬਲ ਮਾਫੀਆ ਦੇ ਖਿਲਾਫ ਆਪਣੀ ਜੰਗ ਬੰਦ ਨਹੀਂ ਕਰਨਗੇ ਅਤੇ ਆਪਣੀ ਬੇਲ ਲਈ ਅਪੀਲ ਕਰਨਗੇ।
ਕੇਬਲ ਮਾਫੀਆ ਖਿਲਾਫ ਸਿਮਰਜੀਤ ਬੈਂਸ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਲੈ ਕੇ ਉਨ੍ਹਾਂ ਤੇ ਹੋਏ ਮਾਣਹਾਨੀ ਦੇ ਮਾਮਲੇ 'ਚ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਹੈ ਕਿ ਉਹ ਵਾਰੰਟਾਂ ਤੋਂ ਨਹੀਂ ਡਰਦੇ। ਪਰ ਕੇਬਲ ਮਾਫੀਆ ਦੇ ਖਿਲਾਫ ਉਹ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਵਲ ਬਾਦਲਾਂ ਦੀ ਜੇਬ 'ਚ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੀ ਜੇਬ 'ਚ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੈਡੀਕਲ ਸਿਹਤ ਦਾ ਹਵਾਲਾ ਦੇ ਕੇ ਆਪਣੀ ਬੇਲ ਲਈ ਅਪੀਲ ਕੀਤੀ ਸੀ ਪਰ ਉਹ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਹ ਹੁਣ ਮੁੜ ਤੋਂ ਬੇਲ ਦੀ ਅਰਜ਼ੀ ਪਾਉਣਗੇ।
ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਨੇ ਬੁੱਢੇ ਨਾਲੇ ਨੂੰ ਲੈ ਕੇ ਨਗਰ ਨਿਗਮ ਅਤੇ ਸਰਕਾਰਾਂ ਤੇ ਮੁੜ ਤੋਂ ਹਮਲਾ ਬੋਲਿਆ ਅਤੇ ਕਿਹਾ ਕਿ ਬੁੱਢਾ ਨਾਲਾ ਸਿਰਫ ਚੋਣਾਂ ਵੇਲੇ ਵੱਡਾ ਮੁੱਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਇਹ ਅਫ਼ਸਰਾਂ ਦੀ ਜੇਬਾਂ 'ਚ ਜਾਂਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੀ ਨੀਅਤ ਸਾਫ਼ ਹੁੰਦੀ ਤਾਂ ਉਹ ਸੀਚੇਵਾਲ ਵਾਲਾ ਫਾਰਮੂਲਾ ਅਪਣਾ ਕੇ ਬੁੱਢੇ ਨਾਲੇ ਦੀ ਸਫ਼ਾਈ ਹੁਣ ਤੱਕ ਕਰਵਾ ਚੁੱਕੇ ਹੁੰਦੇ।