You are here

ਉੱਘੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਦੇ ਤਖ਼ਤ ਪਲਟੇ

ਨਵੀਂ ਦਿੱਲੀ, ਮਈ  ਸਿਆਸੀ ਵਿਰਾਸਤ ਬਾਰੇ ਇਹ ਭਾਵ ਰਿਹਾ ਹੈ ਕਿ ਬੇਟਾ ਵੀ ਪਿਤਾ ਦੇ ਨਕਸ਼-ਏ-ਕਦਮ ’ਤੇ ਚੱਲ ਕੇ ਸਫ਼ਲਤਾ ਹਾਸਲ ਕਰੇਗਾ ਪਰ ਇਸ ਵਾਰ ਦੀਆਂ ਆਮ ਚੋਣਾਂ ਵਿਚ ਇਹ ਗਲਤ ਸਾਬਿਤ ਹੋ ਗਿਆ। ਮੰਨੀਆਂ-ਪ੍ਰਮੰਨੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਨੂੰ 17ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਬੇਟੀਆਂ ਨੇ ਆਪਣੀ ਸਿਆਸੀ ਵਿਰਾਸਤ ਨੂੰ ਖ਼ੂਬ ਸਾਂਭ ਲਿਆ ਹੈ। ਸਭ ਤੋਂ ਵੱਡੀ ਮਿਸਾਲ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਹਨ ਜੋ ਕਿ ਆਪਣੀ ਰਵਾਇਤੀ ਸੀਟ ਅਮੇਠੀ ਗੁਆ ਬੈਠੇ ਹਨ। ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਜੋਧਪੁਰ ਸੀਟ ਤੋਂ ਨਾਕਾਮ ਰਹੇ ਹਨ। ਗਾਂਧੀ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਕਰੀਬ 55 ਹਜ਼ਾਰ ਵੋਟਾਂ ਨਾਲ ਤੇ ਵੈਭਵ ਨੂੰ ਭਾਜਪਾ ਦੇ ਗਜੇਂਦਰ ਸਿੰਘ ਸ਼ੇਖ਼ਾਵਤ ਨੇ 2.7 ਲੱਖ ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧਿਆ ਦੇ ਪੁੱਤਰ ਜਿਓਤਿਰਦਿੱਤਿਆ ਸਿੰਧੀਆ ਉਨ੍ਹਾਂ ਦਾ ਗੜ੍ਹ ਮੰਨੀ ਜਾਣ ਵਾਲੀ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਹਾਰ ਗਏ ਹਨ। ਉਹ 1999 ਤੋਂ ਲਗਾਤਾਰ ਇੱਥੋਂ ਜਿੱਤ ਰਹੇ ਸਨ। ਰਾਜਸਥਾਨ ਦੇ ਬਾੜਮੇਰ ਵਿਚ ਭਾਜਪਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ 3.2 ਲੱਖ ਵੋਟਾਂ ਤੋਂ ਪਿੱਛੇ ਰਹਿ ਗਏ ਹਨ। ਪੱਛਮੀ ਇਲਾਕੇ ਵਿਚ ਅਜੀਤ ਪਵਾਰ ਦੇ ਬੇਟੇ ਪਾਰਥ ਪਵਾਰ, ਮੁਰਲੀ ਦਿਓੜਾ ਦੇ ਪੁੱਤਰ ਮਿਲਿੰਦ ਦਿਓੜਾ, ਸ਼ੰਕਰਰਾਓ ਚਵਾਨ ਦੇ ਪੁੱਤਰ ਅਸ਼ੋਕ ਚਵਾਨ ਵੀ ਆਪੋ-ਆਪਣੀਆਂ ਸੀਟਾਂ ਹਾਰ ਗਏ ਹਨ। ਦੱਖਣੀ ਇਲਾਕੇ ਤੋਂ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਦੇ ਪੁੱਤਰ ਨਿਖਿਲ ਕੁਮਾਰਾਸਵਾਮੀ ਵੀ ਸਵਾ ਲੱਖ ਵੋਟ ਨਾਲ ਹਾਰ ਗਏ। ਹਾਲਾਂਕਿ ਔਰਤਾਂ ਦਾ ਹੱਥ ਇਸ ਮਾਮਲੇ ਵਿਚ ਉੱਚਾ ਰਿਹਾ। ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੂਲੇ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਰਹੇ ਐੱਮ. ਕਰੁਣਾਨਿਧੀ ਦੀ ਬੇਟੀ ਕਨੀਮੋੜੀ ਨੇ ਆਪੋ-ਆਪਣੇ ਹਲਕਿਆਂ ਤੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।