ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਅਸਤੀਫੇ ਦਾ ਐਲਾਨ

ਲੰਡਨ, ਮਈ- ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਲਈ ਬਦਲੀ ਹੋਈ ਰਣਨੀਤੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ ’ਤੇ ਮੰਤਰੀਆਂ ਨੂੰ ਨਾਲ ਲੈ ਕੇ ਚੱਲਣ ’ਚ ਨਾਕਾਮ ਰਹਿਣ ਮਗਰੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ। ਅਜਿਹੀ ਉਮੀਦ ਹੈ ਕਿ 62 ਸਾਲਾ ਮੇਅ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟ੍ਰੀਟ ’ਚ ਰਹਿੰਦੀ ਰਹੇਗੀ ਅਤੇ ਜੂਨ ਦੀ ਸ਼ੁਰੂਆਤ ’ਚ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਅਹੁਦੇ ’ਤੇ ਬਣੀ ਰਹੇਗੀ। ਨਵੇਂ ਆਗੂ ਦੇ ਜੁਲਾਈ ਦੇ ਅੰਤ ਤੱਕ ਅਹੁਦਾ ਸੰਭਾਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘ਸਾਡੀ ਰਾਜਨੀਤੀ ਭਾਵੇਂ ਤਣਾਅਪੂਰਨ ਰਹੀ ਹੋਵੇ ਪਰ ਇਸ ਦੇਸ਼ ਬਾਰੇ ਕਾਫੀ ਕੁਝ ਚੰਗਾ ਹੈ। ਕਾਫੀ ਕੁਝ ਮਾਣ ਕਰਨ ਲਾਇਕ ਹੈ। ਕਈ ਚੀਜ਼ਾਂ ਆਸ਼ਾਵਾਦੀ ਹੋਣ ਲਈ ਹਨ।’ ਮੇਅ ਨੇ ਕਿਹਾ ਕਿ ਦੇਸ਼ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਕੰਮ ਕਰਨਾ ਉਸ ਲਈ ਲਾਜ਼ਮੀ ਤੌਰ ’ਤੇ ਜ਼ਿੰਦਗੀ ਭਰ ਲਈ ਇੱਕ ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਨਾਲ ਕੋਈ ਪਿਆਰ ਕਰਦਾ ਹੈ ਤਾਂ ਉੱਥੋਂ ਦੇ ਲੋਕਾਂ ਦੀ ਸੇਵਾ ਕਰਨਾ ਸਨਮਾਨ ਵਾਲੀ ਗੱਲ ਹੈ।
ਟੈਰੇਜ਼ਾ ਮੇਅ ਨੇ ਕਿਹਾ ਕਿ ਉਨ੍ਹਾਂ ਰਾਣੀ ਐਲਿਜ਼ਾਬੈਥ-2 ਨੂੰ ਆਪਣੇ ਅਸਤੀਫੇ ਬਾਰੇ ਸੂਚਿਤ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜੂਨ ਦੇ ਸ਼ੁਰੂ ’ਚ ਕੀਤੇ ਜਾਣ ਵਾਲੇ ਦੌਰੇ ਮੌਕੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਮੇਅ ਹੀ ਹੋਵੇਗੀ।