ਬਠਿੰਡਾ ’ਚ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਣਾ ਗ਼ਲਤ: ਡਾ. ਸਿੱਧੂ

ਅੰਮ੍ਰਿਤਸਰ-ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਹੀ ਸ਼ਬਦੀ ਜੰਗ ਦਰਮਿਆਨ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਕੁਝ ਸੀਟਾਂ (ਖਾਸ ਕਰਕੇ ਬਠਿੰਡਾ) ਉੱਤੇ ਮਿਲੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨ੍ਹੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ। ਸੋੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਡਾ. ਨਵਜੋਤ ਕੌਰ ਸਿੱਧੂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕਰ ਰਹੀ ਹੈ। ਇਸ ਸਬੰਧੀ ਹਾਲਾਂਕਿ ਡਾ. ਸਿੱਧੂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਵਾਇਰਲ ਵੀਡੀਓ ਵਿੱਚ ਡਾ. ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪਤਾ ਸੀ ਕਿ ਸ੍ਰੀ ਸਿੱਧੂ ਦੇ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਹਾਰ ਵੱਡੇ ਫਰਕ ਨਾਲ ਹੋ ਰਹੀ ਸੀ। ਪਰ ਸ੍ਰੀ ਸਿੱਧੂ ਦੇ ਜਾਣ ਨਾਲ ਕਾਂਗਰਸੀ ਉਮੀਦਵਾਰ ਦੀ ਸਥਿਤੀ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਰਿਕਾਰਡ ’ਤੇ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਪਾਰਟੀ ਵਲੋਂ ਕੌਮੀ ਪੱਧਰ ’ਤੇ ਕਰਵਾਏ ਗਏ ਸਰਵੇਖਣ ਵਿਚ ਸਪੱਸ਼ਟ ਸੀ ਕਿ ਬਠਿੰਡਾ ਲੋਕ ਸਭਾ ਹਲਕੇ ਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਦੀ ਸਥਿਤੀ ਕਮਜ਼ੋਰ ਹੈ ਅਤੇ ਉਥੋਂ ਦੋ ਲੱਖ ਤੋਂ ਵੱਧ ਫਰਕ ਨਾਲ ਹਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਦਿੱਤੇ ਆਦੇਸ਼ ਮੁਤਾਬਕ ਹੀ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਸਿਰਫ ਇਸ ਲਈ ਸ੍ਰੀ ਸਿੱਧੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਸ੍ਰੀ ਸਿੱਧੂ ਨੇ ਕਾਂਗਰਸ ਵਿੱਚ ਰਹਿ ਕੇ ਇਨ੍ਹਾਂ ਲੋਕਾਂ ਵਲੋਂ ਪਾਰਟੀ ਨਾਲ ਵਿਸ਼ਵਾਸਘਾਤ ਕਰਨ ਦਾ ਵਿਰੋਧ ਕੀਤਾ ਹੈ।