ਪਿੰਡਾਂ 'ਚ ਲਹਿਰਾਏ ਜਾਣਗੇ ਕਾਲੇ ਝੰਡੇ - ਕਿਸਾਨ ਯੂਨੀਅਨ

ਜਗਰਾਓਂ, ਮਾਰਚ 2021( ਡਾ ਮਨਜੀਤ ਸਿੰਘ ਲੀਲਾ)   ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 6 ਮਾਰਚ ਨੂੰ ਪਿੰਡਾਂ 'ਚ ਕਾਲੇ ਝੰਡੇ ਲਹਿਰਾਉਣ ਅਤੇ 8 ਮਾਰਚ ਨੂੰ ਮਹਿਲਾ ਮੁਕਤੀ ਦਿਵਸ 'ਤੇ ਖੇਤੀ ਮੋਰਚਿਆਂ 'ਚ ਕਾਲੀਆਂ ਪੱਗਾਂ ਬੰਨ ਕੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਹ ਫ਼ੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਲੀਲਾਂ ਮੇਘ ਸਿੰਘ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਦੇਸ਼ ਦਾ ਕਿਸਾਨ ਤਿੰਨ ਮਹੀਨਿਆਂ ਤੋਂ ਆਪਣੇ ਹੱਕ-ਸੱਚ ਦੀ ਲੜਾਈ ਲਈ ਸੜਕਾਂ 'ਤੇ ਉਤਰਿਆ ਹੋਇਆ ਹੈ।

ਅਜਿਹੇ ਵਿਚ ਰੋਜ਼ਾਨਾ ਦੇਸ਼ ਹੀ ਨਹੀਂ, ਸੰਸਾਰ ਭਰ ਤੋਂ ਮਿਲ ਰਿਹਾ ਸਮਰਥਨ ਅੱਜ ਨਹੀਂ ਤਾਂ ਕੱਲ੍ਹ ਜਿੱਤ ਦਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ, ਤੇਜ਼ ਅਤੇ ਮਜ਼ਬੂਤ ਕਰਨ ਲਈ ਪਿੰਡ ਪਿੰਡ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ 8 ਮਾਰਚ ਨੂੰ ਮਹਿਲਾ ਮੁਕਤੀ ਦਿਹਾੜੇ 'ਤੇ ਇਲਾਕੇ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਅੌਰਤਾਂ ਜਿੱਥੇ ਦਿੱਲੀ ਮੋਰਚੇ ਵੱਲ ਨੂੰ ਕੂਚ ਕਰਨਗੀਆਂ, ਉਥੇ ਜਗਰਾਓਂ ਰੇਲਵੇ ਸਟੇਸ਼ਨ ਪਾਰਕ 'ਚ ਲੱਗੇ ਪੱਕੇ ਮੋਰਚੇ ਦੀ ਸਫਲਤਾ ਵਿਚ ਵੀ ਯੋਗਦਾਨ ਪਾਉਣਗੀਆਂ। ਇਸ ਦੇ ਨਾਲ ਹੀ ਮਰਦ 6 ਮਾਰਚ ਨੂੰ ਮੁਕਤੀ ਮੋਰਚੇ ਦੀ ਸਫਲਤਾ ਲਈ ਕਾਲੇ ਝੰਡਿਆਂ ਰਾਹੀਂ ਪਿੰਡ ਪਿੰਡ ਮਾਰਚ ਕੱਢਣਗੇ ਤੇ 8 ਮਾਰਚ ਨੂੰ ਧਰਨਿਆਂ 'ਚ ਕਾਲੀਆਂ ਪੱਗਾਂ ਬੰਨ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ, ਜਗਤ ਸਿੰਘ ਲੀਲਾਂ, ਦਰਸ਼ਨ ਸਿੰਘ ਗਾਲਬ, ਪਰਵਾਰ ਸਿੰਘ ਗਾਲਬ, ਇੰਦਰਜੀਤ ਸਿੰਘ ਗਾਲਬ, ਪਰਮਜੀਤ ਸਿੰਘ, ਇਕਬਾਲ ਸਿੰਘ ਮਲਸੀਆਂ, ਨਿਰਮਲ ਸਿੰਘ ਭਮਾਲ, ਜਗਜੀਤ ਸਿੰਘ ਮਾਹਣਾ, ਗੁੁਰਪ੍ਰਰੀਤ ਸਿੰਘ ਸਿੱਧਵਾਂ ਕਲਾਂ, ਸੁੁਰਜੀਤ ਸਿੰਘ ਰਾਮਗੜ, ਜਗਜੀਤ ਸਿੰਘ ਕਲੇਰ, ਅਰਜਨ ਸਿੰਘ ਖੇਲਾ, ਚਰਨਜੀਤ ਸਿੰਘ ਸ਼ੇਖਦੋਲਤ, ਬਚਿੱਤਰ ਸਿੰਘ ਜੌਹਲ ਆਦਿ ਸ਼ਾਮਲ ਸਨ।