*ਕ੍ਰਾਂਤੀਕਾਰੀ ਗੁਰੂ ਰਵਿਦਾਸ*✍️ ਸਲੇਮਪੁਰੀ ਦੀ ਚੂੰਢੀ-

ਗੁਰੂ ਰਵਿਦਾਸ ਨੂੰ ਸਮਰਪਿਤ

- ਗੂਰੂ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਕਾਸ਼ੀ (ਉੱਤਰ ਪ੍ਰਦੇਸ਼) ਵਿਚ ਹੋਇਆ ਸੀ, ਸੰਸਾਰ ਦੇ ਇਕ ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ, ਮਹਾਨ ਲੇਖਕ, ਕ੍ਰਾਂਤੀਕਾਰੀ ਅਤੇ ਬੁੱਧੀਜੀਵੀ ਇਨਸਾਨ ਸਨ। ਗੁਰੂ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਸੁਧਾਰ ਦੇ ਲੇਖੇ ਲਾਇਆ। ਜਿਸ ਵੇਲੇ ਉਨ੍ਹਾਂ ਨੇ ਅਵਤਾਰ ਧਾਰਿਆ, ਉਸ ਵੇਲੇ ਸਮਾਜ ਵਿਚ ਮਨੂੰ ਸ੍ਰਿਮਤੀ ਵਿਧਾਨ ਪੂਰੀ ਤਰ੍ਹਾਂ ਲਾਗੂ (ਉਂਝ ਤਾਂ ਹੁਣ ਵੀ ਦੇਸ਼ ਵਿਚ ਭਾਰਤੀ ਸੰਵਿਧਾਨ ਦੀ ਥਾਂ ਮਨੂੰ ਸ੍ਰਿਮਤੀ ਹੀ ਲਾਗੂ ਹੀ ਹੈ) ਹੋਣ ਕਰਕੇ ਜਾਤ-ਪਾਤ ਅਤੇ ਊਚ-ਨੀਚ ਦੀਆਂ ਉੱਚੀਆਂ ਉੱਚੀਆਂ ਅਤੇ ਮਜਬੂਤ ਕੰਧਾਂ ਉਸਰੀਆਂ ਹੋਈਆਂ ਸਨ।  ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਪਸ਼ੂ ਨਾਲੋਂ ਵੀ ਭੈੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਇਸ ਦੇ ਨਾਲ ਨਾਲ ਅਮੀਰ ਅਤੇ ਗਰੀਬ ਵਿੱਚ ਬਹੁਤ ਵੱਡਾ ਪਾੜਾ ਸੀ। ਸਮਾਜ ਵਿਚ ਪਏ ਪਾੜੇ ਨੂੰ ਸਮਝਦਿਆਂ ਉਨ੍ਹਾਂ ਨੇ ਉਸ ਵੇਲੇ ਦੇ ਹਾਕਮਾਂ, ਅਮੀਰਜ਼ਾਦਿਆਂ ਅਤੇ ਮਨੂੰਵਾਦੀ ਲੋਕਾਂ ਨਾਲ ਡੱਟ ਕੇ ਮੁਕਾਬਲਾ ਕਰਦਿਆਂ ਅਜਿਹੇ ਸਮਾਜ ਦੇ ਕਲਪਨਾ ਕੀਤੀ ਜਿਥੇ ਸਾਰੇ ਲੋਕ ਇੱਕ ਸਮਾਨ ਹੋਣ, ਜਾਤ-ਪਾਤ, ਊਚ-ਨੀਚ ਅਤੇ ਅਮੀਰੀ-ਗਰੀਬੀ ਦਾ ਪਾੜਾ ਖਤਮ ਹੋਵੇ। ਗੁਰੂ ਰਵਿਦਾਸ ਲਿਖਦੇ ਹਨ ਕਿ -

'ਐਸਾ ਚਾਹੂੰ ਰਾਜ ਮੈਂ,

ਜਹਾਂ ਮਿਲੇ ਸਭਨ ਕੋ ਅੰਨ!

ਛੋਟ ਬੜੇ ਸਭ ਸਮ ਰਹੇ,

ਰਵੀਦਾਸ ਰਹੇ ਪ੍ਰਸੰਨ!

ਇਸ ਤਰ੍ਹਾਂ ਗੂਰੂ ਰਵਿਦਾਸ ਜੀ ਇੱਕ ਅਜਿਹਾ ਸਮਾਜ ਸਿਰਜਣਾ ਲੋਚਦੇ ਸਨ, ਜਿਥੇ ਸਾਰਿਆਂ ਨੂੰ ਰੋਟੀ ਮਿਲੇ ਤੇ ਕੋਈ ਵੀ ਭੁੱਖਾ ਨਾ ਰਹੇ।  ਮਹਾਨ ਦਾਰਸ਼ਨਿਕ ਅਤੇ ਇਨਕਲਾਬੀ ਹੋਣ ਕਰਕੇ  ਸਮੇਂ ਦੇ ਹਾਕਮਾਂ, ਸਰਮਾਏਦਾਰਾਂ ਅਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਉਨ੍ਹਾਂ ਨੂੰ ਅਕਸਰ ਤਸੀਹਿਆਂ ਅਤੇ ਤਸ਼ੱਦਦਾਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਸਮੇਂ ਦੇ ਹਾਕਮਾਂ ਨੇ ਉਨ੍ਹਾਂ ਦੀ ਅਵਾਜ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਅਤੇ ਕਈ ਵਾਰ ਜੇਲ੍ਹ ਵਿੱਚ ਬੰਦ ਵੀ ਕੀਤਾ , ਪਰ ਉਹ  ਮਨੁੱਖਤਾ ਦੇ ਭਲੇ ਵਾਲੀ ਆਪਣੀ ਵਿਚਾਰਧਾਰਾ ਉਪਰ ਅਡੋਲ ਖੜ੍ਹੇ ਰਹੇ ਅਤੇ ਸਮਾਜ ਸੇਵੀ ਫੈਲੀਆਂ ਕੁਰੀਤੀਆਂ ਵਿਰੁੱਧ ਅਵਾਜ ਬੁਲੰਦ ਕਰਦੇ ਰਹੇ। ਉਹ  ਸਮੁੱਚੇ ਸਮਾਜ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਤੌਰ 'ਤੇ ਸਿਹਤਮੰਦ ਬਣਾਉਣ ਲਈ ਆਪਣੀ ਜਿੰਦਗੀ ਵਿੱਚ ਹਮੇਸ਼ਾਂ ਸੰਘਰਸਸ਼ੀਲ ਰਹੇ ਅਤੇ ਉਨ੍ਹਾਂ ਨੇ  ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾ ਦਿੱਤਾ। ਉਨ੍ਹਾਂ ਦੁਆਰਾ ਸਿਰਜੀ ਇਨਕਲਾਬੀ ਬਾਣੀ ਅਤੇ ਦਰਸਾਏ ਮਾਰਗ ਦੀ  ਜਿੰਨ੍ਹੀ ਮਹੱਤਤਾ  ਉਸ ਸਮੇਂ ਸੀ, ਉਸ ਨਾਲੋਂ ਕਿਤੇ ਜਿਆਦਾ ਅਜੋਕੇ ਸਮੇਂ ਵਿੱਚ ਵੀ ਹੈ, ਕਿਉਂਕਿ ਇਸ ਵੇਲੇ ਵੀ ਅਮੀਰ ਅਤੇ ਗਰੀਬ ਲੋਕਾਂ ਦੇ ਵਿਚਕਾਰ  'ਧਨ ਦੀ ਕਾਣੀ ਵੰਡ' ਨੂੰ ਲੈ ਕੇ ਦਿਨ- ਬ- ਦਿਨ ਪਾੜਾ ਵੱਧਦਾ ਹੀ ਜਾ ਰਿਹਾ ਹੈ। ਆਉ ਸਾਰੇ ਰਲਕੇ ਗੁਰੂ ਰਵਿਦਾਸ ਦੁਆਰਾ ਦਰਸਾਏ ਮਾਰਗ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਂਦੇ ਹੋਏ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ। 

-ਸੁਖਦੇਵ ਸਲੇਮਪੁਰੀ

27 ਫਰਵਰੀ, 2021.