ਵਿਕਾਊ -ਹਰਨਰਾਇਣ ਸਿੰਘ ਮੱਲੇਆਣਾ  

ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸੀ ਤੇ ਛੇਵੇਂ ਗੁਰੂ ਨਾਨਕ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਲੱਗ ਅਲੱਗ ਜਗਾਹ ਪੜਾਅ ਕਰਦੇ ਐ । ਜਹਾਂਗੀਰ ਨੇ ਵੀ ਕਾਫੀ ਲੰਮਾ ਸਫ਼ਰ ਸਤਿਗੁਰ ਨਾਲ ਤਹਿ ਕੀਤਾ ਕਿਉਂਕਿ ਓਹਨੇ ਕਸ਼ਮੀਰ ਵੱਲ ਨੂੰ ਜਾਣਾ ਸੀ । ਰਾਹ ਚ ਕਿਸੇ ਜਗਾਹ ਪੜਾਅ ਲੱਗਿਆ ਹੋਇਆ ਏ । ਜਹਾਂਗੀਰ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰ ਆਵਦੇ ਆਵਦੇ ਤੰਬੂ ਚ ਨੇ । ਇੱਕ ਗਰੀਬੜਾ ਜੇਹਾ ਦਿੱਸਣ ਵਾਲਾ ਬੰਦਾ ਘਾਹ ਦੀ ਪੰਡ ਸਿਰ ਤੇ ਚੱਕੀ ਸਿਪਾਹੀਆਂ ਦੇ ਤਰਲੇ ਲੈ ਰਿਹਾ ਏ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਨਾ । ਸਿਪਾਹੀਆਂ ਨੇ ਜਾਣ ਬੁਝ ਕੇ ਘਾਹੀ ਸਿੱਖ ਨੂੰ ਜਹਾਂਗੀਰ ਵਾਲੇ ਤੰਬੂ ਚ ਭੇਜ ਦਿੱਤਾ ਕਿ ਸਿਰ ਤੇ ਕਲਗੀ ਤੇ ਛਤਰ ਝੂਲਦਾ ਦੇਖ ਸਿੱਖ ਨੂੰ ਭੁਲੇਖਾ ਲੱਗ ਜੂ । ਘਾਹੀ ਸਿੱਖ ਨੇ ਜਾਂਦਿਆਂ ਇੱਕ ਟਕਾ ਤੇ ਘਾਹ ਦੀ ਪੰਡ ਜਹਾਂਗੀਰ ਦੇ ਕਦਮਾਂ ਚ ਰੱਖੀ ਤੇ ਆਖਿਆ ," ਸੱਚੇ ਪਾਤਸ਼ਾਹ , ਮੇਰਾ ਜਨਮ ਮਰਨ ਕੱਟ ਦਿਓ , ਪਰਲੋਕ ਸਵਾਰ ਦਿਓ ।" 

ਜਹਾਂਗੀਰ ਸਮਝ ਚੁੱਕਾ ਸੀ ਕਿ ਇਹਨੂੰ ਭੁਲੇਖਾ ਪੈ ਗਿਆ । ਜਹਾਂਗੀਰ ਆਖਦਾ ਐ ਕਿ ਮੈਂ ਉਹ ਨਹੀਂ ਜੋ ਤੂੰ ਸਮਝ ਰਿਹਾ ਹੈਂ । ਮੇਰੀ ਬਾਦਸ਼ਾਹਤ ਮਾਤ ਲੋਕ ਦੀ ਏ , ਪਰਲੋਕ ਚ ਮੇਰਾ ਕੋਈ ਵੱਸ ਨਹੀਂ । ਸਮੇਂ ਦਾ ਬਾਦਸ਼ਾਹ ਹਾਂ ਮੈਂ , ਦੱਸ ..... ਜੇ ਤੂੰ ਕਹੇਂ ਤਾਂ ਇਸ ਘਾਹ ਦੀ ਪੰਡ ਤੇ ਇੱਕ ਟਕੇ ਬਦਲੇ ਮੈਂ ਤੇਰੇ ਨਾਂ ਕੋਈ ਜਗੀਰ ਲਵਾ ਦਿਆਂ ....?

ਸਿੱਖ ਹੈਰਾਨ ਪਰੇਸ਼ਾਨ ਹੋ ਕੇ ਘਾਹ ਦੀ ਪੰਡ ਤੇ ਟਕਾ ਚੁੱਕ ਲੈਂਦਾ ਏ ਤੇ ਜਹਾਂਗੀਰ ਫਿਰ ਬੋਲਦਾ ਏ ," ਇਹ ਕੰਮ ਨਾ ਕਰ ਤੂੰ , ਇਸ ਟਕੇ ਤੇ ਪੰਡ ਬਦਲੇ ਤੂੰ ਸੋਨੇ ਦੀਆਂ ਮੋਹਰਾਂ ਲੈ ਜਾ , ਜਾ ਕੇ ਗੁਰੂ ਨੂੰ ਮੋਹਰਾਂ ਭੇਟ ਕਰੀਂ ਉਹ ਖੁਸ਼ ਹੋਣ ਗੇ । ਘਾਹੀ ਸਿੱਖ ਰੋਹ ਚ ਆ ਕੇ ਬੋਲਿਆ ," ਜਹਾਂਗੀਰ ..... ਸਿੱਖ ਦਾ ਸਿਦਕ ਨਾ ਪਰਖ ... ਜੇ ਤੇਰਾ ਵੱਸ ਪਰਲੋਕ ਚ ਨਹੀਂ ਤਾਂ ਤੇਰੀਆਂ ਮੋਹਰਾਂ ਵੀ ਗੁਰੂ ਘਰ ਚ ਪਰਵਾਨ ਨਹੀਂ । ਓਥੇ ਸੱਚੀ ਸੁੱਚੀ ਕਿਰਤ ਨਾਲ ਕੀਤੀ ਸੇਵਾ ਪਰਵਾਨ ਏ । ਮੈਂ ਬੜੀ ਰੀਝ ਨਾਲ ਪਾਤਸ਼ਾਹ ਦੇ ਘੋੜਿਆਂ ਲਈ ਇਹ ਘਾਹ ਸਾਫ ਸਾਫ ਚੁਣ ਕੇ ਬੜੇ ਪ੍ਰੇਮ ਨਾਲ ਧੋਅ ਸਵਾਰ ਕੇ ਲਿਆਇਆ ਹਾਂ , ਇਹ ਤਾਂ ਪਾਤਸ਼ਾਹ ਦੇ ਚਰਨਾਂ ਚ ਹੀ ਜਾਊ । ਨਾਲੇ ਸੌਦਾ ਉਸ ਚੀਜ਼ ਦਾ ਹੁੰਦਾ , ਜਿਹੜੀ ਚੀਜ਼ ਵਿਕਾਊ ਹੋਵੇ ।

ਐਨਾ ਕਹਿੰਦਿਆਂ ਸਿੱਖ ਨੇ ਟਕਾ ਤੇ ਪੰਡ ਚੁੱਕੀ ਤੇ ਸੱਚੇ ਪਾਤਸ਼ਾਹ ਕੋਲ ਆ ਕੇ ਭੁੱਲ ਦੀ ਖਿਮਾਂ ਮੰਗੀ । ਪਾਤਸ਼ਾਹ ਨੇ ਸਿੱਖ ਦਾ ਸਿਦਕ ਤੇ ਪਿਆਰ ਦੇਖ ਕੇ ਉਹਨੂੰ ਗਲ ਨਾਲ ਲਾ ਲਿਆ ।

ਅੱਜ ਜਿਹੜੇ ਲੋਕ ਚੰਦ ਪੈਸਿਆਂ ਤੇ ਹੋਰ ਸਹੂਲਤਾਂ ਖ਼ਾਤਰ ਆਪਣਾ ਦੀਨ ਛੱਡ ਰਹੇ ਆ , ਉਹ ਇਖਲਾਕੀ ਨਹੀਂ ਵਿਕਾਊ ਮਾਲ ਐ । ਆਪਣੇ ਗੁਰੂ ਨਾਲ , ਆਪਣੇ ਇਸ਼ਟ ਨਾਲ ਰਿਸ਼ਤਾ ਖਸਮ ਤੇ ਪਿਓ ਵਾਲਾ ਹੁੰਦਾ ਏ । ਤੇ ਜਿਸ ਦੇ ਇੱਕ ਤੋਂ ਵੱਧ ਕੇ ਪਿਓ ਤੇ ਖਸਮ ਹੋਣ , ਉਹ ਬੰਦਾ ਚਰਿੱਤਰਹੀਣ ਹੁੰਦਾ । ਚਰਿੱਤਰਹੀਣ ਬੰਦੇ ਕੋਲ ਪੈਸਾ ਤੇ ਸਹੂਲਤ ਤਾਂ ਹੋ ਸਕਦੀ ਐ ਪਰ ਲੋਕ ਪਰਲੋਕ ਚ ਇੱਜਤ ਨਹੀਂ ਹੁੰਦੀ । ਭਾਈ ਨੰਦ ਲਾਲ ਸਿੰਘ ਦਾ ਬਚਨ ਯਾਦ ਆ ਰਿਹਾ ਏ , ਉਹ ਕਹਿੰਦੇ ਆ," ਪਾਤਸ਼ਾਹ , ਮੈਨੂੰ ਵਰ ਦੇ .... ਜਿਸ ਦਿਨ ਮੈਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਵਾਂ , ਉਸ ਦਿਨ ਹਵਾ ਤੇਰੇ ਅਨੰਦਪੁਰ ਵੱਲ ਨੂੰ ਰੁਮਕਦੀ ਹੋਵੇ । ਜਿਓੰਦੇ ਜੀਅ ਤਾਂ ਮੈਂ ਕਿਸੇ ਹੋਰ ਦਰ ਤੇ ਜਾਣਾ ਈ ਕੀ ਏ , ਮੇਰੀ ਮਿੱਟੀ ਦੀ ਰਾਖ ਵੀ ਕਿਸੇ ਹੋਰ ਦਰ ਤੇ ਨਾ ਜਾਵੇ । 

ਧਰਮ ਸਭ ਦੇ ਆਪਣੀ ਥਾਂ ਚੰਗੇ । ਤੁਮ ਕੋ ਤੁਮਾਰਾ ਖੂਬ , ਹਮ ਕੋ ਹਮਾਰਾ ਖੂਬ । ਲਾਲਚ ਵੱਸ ਹੋ ਆਪਣਾ ਦੀਨ ਛੱਡਣ ਨਾਲੋਂ ਸਰੀਰ ਚੋਂ ਜਿੰਦ ਨਿਕਲ ਜੇ । ਸਿੱਖ ਤਾਂ ਵੈਸੇ ਵੀ ਰੋਜ ਪੜ੍ਹਦਾ ਏ ਕਿ ਜਦੋਂ ਦਾ ਤੇਰੇ ਚਰਨ ਕਮਲਾਂ ਨਾਲ ਮੇਰਾ ਇਸ਼ਕ ਹੋਇਆ ਏ , ਮੈਂ ਕਿਸੇ ਹੋਰ ਦੂਜੇ ਨੂੰ ਆਪਣੀ ਨਜ਼ਰਾਂ ਹੇਠੋਂ ਨਹੀਂ ਕੱਢਿਆ ।

 

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ ।।