ਸ਼ਹੀਦੀ ਸਾਕਾ ਨਨਕਾਣਾ ਸਾਹਿਬ ਨੂੰ ਅੱਜ ਸੌ ਸਾਲ ਬਾਅਦ ਯਾਦ ਕਰਦਿਆਂ

20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਬੜਾ ਵਿਲਾਸੀ ਤੇ ਅਧਰਮੀ ਜੀਵਨ ਜਿਊਂਦਾ ਸੀ। ਸਾਧੂ ਰਾਮ ਦੀ ਮੌਤ ਪਿੱਛੋਂ ਮਹੰਤੀ ਦੀ ਗੱਦੀ ’ਤੇ ਬੈਠਣ ਵਾਲਾ ਮਹੰਤ ਨਰਾਇਣ ਦਾਸ ਵੀ ਆਪਣੇ ਪੂਰਵ-ਅਧਿਕਾਰੀ ਦੇ ਪੂਰਨਿਆਂ ਉੱਤੇ ਹੀ ਚਲਦਾ ਰਿਹਾ। ਇਲਾਕੇ ਦੇ ਸਿੱਖਾਂ ਨੇ ਬਦ-ਅਨੁਵਾਨੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਕਿਉਂਕਿ ਸਥਾਨਕ ਬਰਤਾਨਵੀ ਅਧਿਕਾਰੀ ਮਹੰਤਾਂ ਦੀ ਪਿੱਠ ਉੱਤੇ ਸਨ। ਇਹ ਅਧਿਕਾਰੀ ਗੁਰਦੁਆਰਿਆਂ ਵਿਚ ਹੁੰਦੀਆਂ ਵਧੀਕੀਆਂ ਵਿਚ ਭਾਈਵਾਲ ਹੋਣ ਕਰਕੇ ਸੁਧਾਰਾਂ ਵਿਚ ਕੋਈ ਰੁਚੀ ਨਹੀਂ ਸਨ ਰੱਖਦੇ। ਮਹੰਤ ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਅਤੇ ਐਸੇ ਲੋਕਾਂ ਨੂੰ ਜਿਨ੍ਹਾਂ ਦੀ ਸਦਭਾਵਨਾ ਅਤ ਸਮਰਥਨ ਉੱਤੇ ਉਨ੍ਹਾਂ ਦੀ ਨਿਯੁਕਤੀ ਤੇ ਆਪਣੀ ਪਦਵੀ ’ਤੇ ਬਣੇ ਰਹਿਣਾ ਨਿਰਭਰ ਕਰਦਾ ਸੀ, ਗੁਰਦੁਆਰਿਆਂ ਦੇ ਫੰਡ ਵਿਚੋਂ ਲੱਖਾਂ ਰੁਪਏ ਕੀਮਤ ਦੀਆਂ ਸੌਗਾਤਾਂ ਪੇਸ਼ ਕਰਨ ’ਤੇ ਖ਼ਰਚ ਕਰਦੇ ਸਨ। ਬਦਲੇ ਵਿਚ ਇਹ ਅਧਿਕਾਰੀ ਉਨ੍ਹਾਂ ਨੂੰ ਸੰਕਟ ਦੀ ਹਾਲਤ ਵਿਚ ਸਰਕਾਰੀ ਮਦਦ ਦਾ ਯਕੀਨ ਦਿਵਾਉਂਦੇ ਸਨ। ਇਸ ਪਿਛੋਕੜ ਵਿਚ ਨਰਾਇਣ ਦਾਸ ਨਨਕਾਣੇ ਵਿਚ ਮਹੰਤ ਦੀ ਗੱਦੀ ਉੱਤੇ ਬੈਠਾ। ਸਿੱਖ ਸੁਧਾਰਕਾਂ ਵੱਲੋਂ ਵਿਰੋਧ ਦੇ ਖ਼ਤਰੇ ਨੂੰ ਟਾਲਣ ਦੀ ਦ੍ਰਿਸ਼ਟੀ ਤੋਂ ਆਖਿਆ ਜਾਂਦਾ ਹੈ ਕਿ ਉਸ ਨੇ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਕਿ ਪੁਰਾਣੇ ਮਹੰਤ ਦਾ ਤੌਰ ਤਰੀਕਾ ਉਹਦੇ ਨਾਲ ਹੀ ਉਹਦੀ ਚਿਤਾ ਵਿਚ ਜਾ ਪਿਆ ਹੈ ਅਤੇ ਉਹ ਆਪਣੇ ਪੂਰਵ-ਅਧਿਕਾਰੀ ਦੇ ਪੂਰਨਿਆਂ ’ਤੇ ਕਦੇ ਨਹੀਂ ਚੱਲੇਗਾ। ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਇਹ ਸੰਕੇਤ ਦੇ ਦਿੱਤੇ ਕਿ ਉਸ ਦੇ ਇਕਰਾਰ ਥੋਥੇ ਸਨ ਅਤੇ ਉਹ ਬਦਚਲਨੀ ਦਾ ਰਾਹ ਛੱਡਣ ਦੇ ਸਮਰੱਥ ਨਹੀਂ ਸੀ।

ਨਨਕਾਣਾ ਸਾਹਿਬ ਦੀ ਇਸ ਹਾਲਤ ਨੇ ਅਕਾਲੀ ਸੁਧਾਰਕਾਂ ਦਾ ਧਿਆਨ ਖਿੱਚਿਆ। ਸ਼ੁਰੂ ਵਿਚ ਉਨ੍ਹਾਂ ਨੇ ਆਮ ਤੌਰ ’ਤੇ ਵਰਤਿਆ ਜਾਣ ਵਾਲਾ ਤਰੀਕਾ ਹੀ ਅਪਣਾਇਆ ਅਤੇ ਦੀਵਾਨ ਸਜਾ ਕੇ ਨਨਕਾਣਾ ਸਾਹਿਬ ਦੇ ਜਨਮ ਅਸਥਾਨ ਤੇ ਦੂਜੇ ਗੁਰਦੁਆਰਿਆਂ ਦੀ ਅਫ਼ਸੋਸਨਾਕ ਹਾਲਤ ’ਤੇ ਵਿਚਾਰਾਂ ਕੀਤੀਆਂ ਤੇ ਮਹੰਤਾਂ ਨੂੰ ਸੁਧਾਰ ਲਿਆਉਣ ਲਈ ਆਖਿਆ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੀਵਾਲ ਵਿਖੇ ਅਜਿਹਾ ਇਕ ਦੀਵਾਨ ਲੱਗਾ। ਇਕ ਮਤਾ ਪਾਸ ਕਰ ਕੇ ਮਹੰਤ ਨਰਾਇਣ ਦਾਸ ਨੂੰ ਆਪਣੇ ਤੌਰ-ਤਰੀਕਿਆਂ ਵਿਚ ਸੁਧਾਰ ਕਰਨ ਤੇ ਗੁਰਦੁਆਰ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਜ਼ੋਰ ਪਾਇਆ ਗਿਆ। ਇਸ ਮਤੇ ਤੇ ਇਨ੍ਹਾਂ ਖ਼ਬਰਾਂ ਤੋਂ, ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਅੰਮ੍ਰਿਤਸਰ ਦੇ ਦੂਜੇ ਗੁਰਦੁਆਰੇ ਅਕਾਲੀ ਸੁਧਾਰਕਾਂ ਦੇ ਪ੍ਰਬੰਧ ਹੇਠ ਆ ਗਏ ਹਨ, ਮਹੰਤ ਨੇ ਸਿਰ ’ਤੇ ਮੰਡਰਾਉਂਦੇ ਖ਼ਤਰੇ ਨੂੰ ਭਾਂਪ ਲਿਆ ਪਰ ਕੋਈ ਸੁਧਾਰ ਜਾਂ ਅਕਾਲੀਆਂ ਨਾਲ ਸਮਝੌਤਾ ਕਰਨ ਦੀ ਥਾਂ ਨਰਾਇਣ ਦਾਸ ਨੇ ਅਕਾਲੀ ਸੁਧਾਰਕਾਂ ਦਾ ਮੁਕਾਬਲਾ ਕਰਨ ਲਈ ਸ਼ਕਤੀ ਮਜ਼ਬੂਤ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਾਰ ਆਤਮ-ਰੱਖਿਆ ਅਤੇ ਅਕਾਲੀਆਂ ਦੇ ਧਾਵੇ ਤੋਂ ਬਚਾਉਣ ਲਈ ਧਰਮ-ਅਸਥਾਨ ਦੀ ਕਿਲ੍ਹਾਬੰਦੀ ਦੇ ਬਹਾਨੇ ਮਹੰਤ ਨਰਾਇਣ ਦਾਸ ਨੇ 400 ਦੇ ਕਰੀਬ ਭਾੜੇ ਦੇ ਟੱਟੂ ਇਕੱਠੇ ਕਰ ਲਏ ਜਿਨ੍ਹਾਂ ਵਿਚ ਰਾਂਝਾ ਤੇ ਰਹਾਨਾ ਵਰਗੇ ਇਲਾਕੇ ਦੇ ਨਾਮੀ ਬਦਮਾਸ਼ ਵੀ ਸ਼ਾਮਲ ਸਨ ਅਤ ਇਨ੍ਹਾਂ ਨੂੰ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕੂਆਂ ਵਰਗੇ ਹਥਿਆਰਾਂ ਨਾਲ ਲੈਸ ਕਰ ਦਿੱਤਾ। ਹਥਿਆਰ, ਗੋਲਾ ਬਾਰੂਦ ਤੇ ਮਿੱਟੀ ਦਾ ਤੇਲ ਇਕੱਠਾ ਕਰ ਲਿਆ ਗਿਆ ਸੀ। ਮਹੰਤ ਦੇ ਇਕ ਨੌਕਰ ਦੇ ਕਹਿਣ ਅਨੁਸਾਰ ਲਾਹੌਰ ਦੇ ਇਕ ਵਪਾਰੀ ਕੋਲੋਂ ਪਿਸਤੌਲ ਦੀਆਂ ਗੋਲੀਆਂ ਵੀ ਵੱਡੀ ਗਿਣਤੀ ਵਿਚ ਖ਼ਰੀਦ ਲਈਆਂ। ਇਸਮਾਈਲ ਭੱਟੀ ਦੀ ਅਗਵਾਈ ਹੇਠ 100 ਪਠਾਣਾਂ ਦਾ ਇਕ ਹੋਰ ਗਰੋਹ ਵੀ ਇਕ ਪਲ ਦੇ ਨੋਟਿਸ ਉੱਤੇ ਹਮਲਾ ਕਰਨ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਸੀ।

ਜਾਪਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਇਸ ਫ਼ੈਸਲੇ ਅਤੇ ਮਾਰਚ ਦੇ ਸ਼ੁਰੂ ਵਿਚ ਅਕਾਲੀਆਂ ਦੇ ਭਾਰੀ ਦੀਵਾਨ ਦੀ ਸੰਭਾਵਨਾ ਤੋਂ ਮਹੰਤ ਡਰ ਗਿਆ ਸੀ। ਉਧਰ ਉਸ ਨੇ ਇਹ ਅਫ਼ਵਾਹਾਂ ਵੀ ਸੁਣ ਲਈਆਂ ਹੋਣਗੀਆਂ ਕਿ ਜੇਕਰ ਮਹੰਤ ਨੇ ਆਪਣੇ ਤੌਰ-ਤਰੀਕੇ ਨਾ ਬਦਲੇ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਗੁਰਦੁਆਰੇ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਫਲਸਰੂਪ, ਉਹ ਸਮਝੌਤੇ ਲਈ ਕੁਝ ਕੁਝ ਰਾਜ਼ੀ ਹੋ ਗਿਆ ਅਤੇ ਕਰਤਾਰ ਸਿੰਘ ਝੱਬਰ ਨਾਲ ਇਕ ਬੈਠਕ ਵਿਚ ਕੁਝ ਸ਼ਰਤਾਂ ਉੱਤੇ ਇਕ ਪ੍ਰਬੰਧਕ ਕਮੇਟੀ ਕਾਇਮ ਕਰਨ ਲਈ ਮੰਨ ਗਿਆ। ਜਾਪਦਾ ਹੈ, ਮਹੰਤ ਦੀਆਂ ਕਾਤਲਾਨਾ ਯੋਜਨਾਵਾਂ ਦਾ ਅਕਾਲੀ ਆਗੂਆਂ ਨੂੰ ਪਤਾ ਲੱਗ ਗਿਆ ਸੀ ਜਿਨ੍ਹਾਂ ਨੇ ਜਥਿਆਂ ਨੂੰ 4 ਮਾਰਚ 1921 ਨੂੰ ਵਿਉਂਤੇ ਆਮ ਇਕੱਠ ਤੋਂ ਪਹਿਲਾਂ ਨਨਕਾਣੇ ਜਾਣ ਅਤੇ ਇਸ ਤਰ੍ਹਾਂ ਮਹੰਤ ਦੀ ਕੁੜਿੱਕੀ ਵਿਚ ਫਸ ਜਾਣ ਤੋਂ ਰੋਕਣ ਲਈ ਸਿਰ ਤੋੜ ਯਤਨ ਕੀਤੇ। ਇਸ ਮਨੋਰਥ ਲਈ ਹੀ ਸਰਦਾਰ ਹਰਚੰਦ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨਨਕਾਣੇ ਲਈ ਤੁਰ ਪਏ ਤਾਂ ਜੋ ਉਹ ਜਥਿਆਂ ਨੂੰ ਗੁਰਦੁਆਰਾ ਜਨਮ ਅਸਥਾਨ ਵੱਲ ਜਾਣ ਤੋਂ ਰੋਕ ਸਕਣ। ਇਹ ਆਗੂ 19 ਫਰਵਰੀ 1921 ਨੂੰ ਨਨਕਾਣੇ ਪਹੁੰਚੇ। ਸਰਦਾਰ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਝਬਾਲ ਅਤੇ ਦਲੀਪ ਸਿੰਘ ਵੀ ਉਨ੍ਹਾਂ ਨਾਲ ਆ ਮਿਲੇ। ਇੱਥੇ ਇਨ੍ਹਾਂ ਸਾਰਿਆਂ ਨੇ ਜਥਿਆਂ ਨੂੰ ਮਿੱਥੀ ਤਾਰੀਖ ਤੋਂ ਪਹਿਲਾਂ ਨਨਕਾਣੇ ਨਾ ਭੇਜਣ ਬਾਰੇ ਅਕਾਲੀ ਆਗੂਆਂ ਦੇ ਪਹਿਲੇ ਫ਼ੈਸਲੇ ਨੂੰ ਲਾਗੂ ਕਰਨ ਦਾ ਨਿਰਣਾ ਲਿਆ। ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਖ਼ਰਾ ਸੱਦਾ ਭੇਜਿਆ ਗਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਸ ਨੂੰ ਪ੍ਰੇਰਨ। ਜਥੇਦਾਰ ਝੱਬਰ ਨੂੰ ਸੂਚਨਾ ਦੇਣ ਮਗਰੋਂ ਦਲੀਪ ਸਿੰਘ ਭਾਈ ਲਛਮਣ ਸਿੰਘ ਨੂੰ ਇਹ ਸੂਚਨਾ ਦੇਣ ਲਈ ਸੁੰਦਰਕੋਟ ਲਈ ਰਵਾਨਾ ਹਇਆ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਇਹ ਪਤਾ ਲੱਗਣ ’ਤੇ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ਉੱਥੋਂ ਜਾ ਚੁੱਕੇ ਹਨ, ਦਲੀਪ ਸਿੰਘ ਭਾਈ ਉਤਮ ਸਿੰਘ ਦੀ ਫੈਕਟਰੀ ਵੱਲ ਤੁਰ ਪਿਆ ਜਿਹੜੀ ਨਨਕਾਣੇ ਤੋਂ ਤਕਰੀਬਨ ਇਕ ਮੀਲ ਹਟਵੀਂ ਸੀ।

ਭਾਈ ਲਛਮਣ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ 19 ਫਰਵਰੀ 1921 ਦੀ ਡੂੰਘੀ ਸ਼ਾਮ ਨਨਕਾਣੇ ਲਈ ਰਵਾਨਾ ਹੋਇਆ। ਰਸਤੇ ਵਿਚ ਹੋਰ ਲੋਕ ਉਹਦੇ ਜਥੇ ਵਿਚ ਸ਼ਾਮਲ ਹੁੰਦੇ ਗਏ। 20 ਫਰਵਰੀ ਦੀ ਸਵੇਰ ਨੂੰ ਇਹ ਜਥਾ ਗੁਰਦੁਆਰਾ ਜਨਮ ਅਸਥਾਨ ਤੋਂ ਅੱਧਾ ਮੀਲ ਦੂਰ ਇਕ ਥਾਂ ਪਹੁੰਚਿਆ। ਇੱਥੇ ਉਨ੍ਹਾਂ ਨੂੰ ਭਾਈ ਦਲੀਪ ਸਿੰਘ ਦਾ ਇਕ ਹਰਕਾਰਾ ਮਿਲਿਆ ਅਤ ਉਸ ਨੂੰ ਜਨਮ ਅਸਥਾਨ ਵੱਲ ਅੱਗੇ ਨਾ ਜਾਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਿਦਾਇਤਾਂ ਵਾਲਾ ਸੁਨੇਹਾ ਦਿੱਤਾ। ਭਾਈ ਲਛਮਣ ਸਿੰਘ ਸਹਿਮਤ ਹੋ ਗਿਆ, ਪਰ ਉਸ ਦੇ ਜਥੇ ਦੇ ਦੂਜੇ ਲੋਕਾਂ ਨੇ ਉਸ ਨੂੰ ਪ੍ਰੇਰ ਲਿਆ ਕਿ ਜੇਕਰ ਉਹ ਗੁਰਦੁਆਰੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਅਮਨ-ਅਮਾਨ ਨਾਲ ਵਾਪਸ ਆ ਜਾਣ ਤਾਂ ਇਸ ਵਿਚ ਕੋਈ ਨੁਕਸਾਨ ਨਹੀਂ। ਇਸ ਪ੍ਰਕਾਰ ਆਪਣੇ ਸਾਥੀਆਂ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਸੋਧੀ ਅਰਦਾਸ ਨਾਲ ਪ੍ਰੇਰਿਆ ਹੋਇਆ ਭਾਈ ਲਛਮਣ ਸਿੰਘ ਜਨਮ ਅਸਥਾਨ ਵੱਲ ਤੁਰ ਪਿਆ ਅਤੇ ਤੜਕੇ ਛੇ ਵਜੇ ਦੇ ਕਰੀਬ ਆਪਣਾ ਜਥਾ ਲੈ ਕੇ ਉੱਥੇ ਪਹੁੰਚ ਗਿਆ। ਇਹ ਸਿਦਕੀ ਸਿੱਖ ਆਪਣੇ ਵੱਲੋਂ ਸੋਧੀ ਅਰਦਾਸ ਅਤੇ ਬਚਨ ’ਤੇ ਪੂਰੇ ਉਤਰਨ ਲਈ ਮਹੰਤ ਨਰਾਇਣ ਦਾਸ ਦੇ ਚਲਾਕੀ ਨਾਲ ਵਿਛਾਏ ਜਾਲ ਵਿਚ ਫਸ ਗਏ। ਭਾਈ ਲਛਮਣ ਸਿੰਘ ਦੇ ਜਥੇ ਅਤੇ ਦੂਜੇ ਜਥਿਆਂ ਦੇ ਸਭ ਬੰਦਿਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਮਾਰ ਦੇਣ ਤੇ ਜ਼ਖ਼ਮੀ ਕਰਨ ਪਿੱਛੋਂ ਮਹੰਤ ਤੇ ਉਸ ਦੇ ਬੰਦਿਆਂ ਨੇ ਮੁਰਦਿਆਂ ਤੇ ਫੱਟੜਾਂ ਨੂੰ ਇਕ ਥਾਂ ਜਮ੍ਹਾਂ ਕੀਤਾ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਅੱਖੀਂ ਵੇਖਣ ਵਾਲਿਆਂ ਅਨੁਸਾਰ ਸੜੇ ਹੋਏ ਇਨ੍ਹਾਂ ਢੇਰਾਂ ਵਿਚ ਹੱਥ ਪੈਰ ਅਤੇ ਲੱਤਾਂ, ਖੋਪੜੀਆਂ ਤੇ ਸਰੀਰ ਦੇ ਹੋਰ ਅੰਗਾਂ ਦੇ ਨਿੱਕੇ-ਨਿੱਕੇ ਟੁਕੜੇ ਵੇਖੇ ਜਾ ਸਕਦੇ ਸਨ... ਅਤੇ ਖ਼ਾਸ ਕਰਕੇ ਸਾਰਾ ਅਹਾਤਾ ਲਹੂ ਨਾਲ ਭਰਿਆ ਹੋਇਆ ਸੀ। ਸਰਕਾਰੀ ਵਕੀਲ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ‘‘ਮਹੰਤ ਨੇ ਲਾਸ਼ਾਂ ਨੂੰ ਸਾੜ ਕੇ ਮਰਨ ਵਾਲਿਆਂ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਕੋਸ਼ਿਸ਼ ਕੀਤੀ। ਹਿੰਦੁਸਤਾਨ ਦੇ ਵਾਇਸਰਾਇ ਲਾਰਡ ਰੀਡਿੰਗ ਨੇ ਹਿੰਦੋਸਤਾਨ ਦੇ ਵਿਦੇਸ਼ ਵਿਭਾਗ ਦੇ ਮੁਖੀ ਨੂੰ ਆਪਣੀ ਰਿਪੋਰਟ ਵਿਚ ਸਾਰੀਆਂ ਲਾਸ਼ਾਂ ਨੂੰ ਮਹੰਤ ਦੁਆਰਾ ਸਾੜ ਦੇਣ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਹੈ।’’

ਇਸ ਸਾਕੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖ ਬੁਰੀ ਤਰ੍ਹਾਂ ਪਰੇਸ਼ਾਨ ਹੋਏ ਅਤੇ ਉਨ੍ਹਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਮਹੰਤ ਦੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਅਕਾਲੀ ਸ਼ਹੀਦਾਂ ਲਈ ਹਮਦਰਦੀ ਦੇ ਸੁਨੇਹੇ ਭੇਜੇ। ਥਾਂ-ਥਾਂ ਮਤੇ ਪਾਸ ਕੀਤੇ ਗਏ ਅਤੇ ਮਹੰਤ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਸਥਾਨਕ ਅਖ਼ਬਾਰਾਂ ਨੇ ਇਕ ਆਵਾਜ਼ ਹੋ ਕੇ ਮਹੰਤ ਉੱਤੇ ਧਾਵਾ ਬੋਲਿਆ। ਜਿਹੜੇ ਅਖ਼ਬਾਰ ਅਕਾਲੀਆਂ ਦੇ ਖਿਲਾਫ਼ ਵੀ ਸਨ ਉਨ੍ਹਾਂ ਨੇ ਵੀ ਨਨਕਾਣੇ ਦੇ ਮਹੰਤ ਦੀ ਜ਼ਾਲਮਾਨਾ ਅਤੇ ਵਹਿਸ਼ੀਆਨਾ ਕਰਤੂਤ ਦੀ ਨਿੰਦਾ ਕੀਤੀ ਅਤੇ ਨਨਕਾਣੇ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ, ਲਾਲਾ ਦੁਨੀ ਚੰਦ ਅਤੇ ਲਾਲਾ ਲਾਜਪਤ ਰਾਏ ਵਰਗੇ ਰਾਸ਼ਟਰੀ ਨੇਤਾ ਸਾਕੇ ਵਾਲੀ ਥਾਂ ਪਹੁੰਚੇ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟਾਈ। ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਅਤੇ ਦੂਜੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਉੱਥੇ ਪਹੁੰਚੇ। 3 ਮਾਰਚ 1921 ਨੂੰ ਨਨਕਾਣੇ ਵਿਚ ਇਕ ਬਹੁਤ ਵੱਡਾ ਸ਼ਹੀਦੀ ਦੀਵਾਨ ਹੋਇਆ ਜਿਸ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਜਿਸ ਨੇ ਡਿਪਟੀ ਕਮਿਸ਼ਨਰ ਤੋਂ ਜਨਮ ਅਸਥਾਨ ਦੀਆਂ ਚਾਬੀਆਂ ਪ੍ਰਾਪਤ ਕਰਨ ਵਿਚ ਉੱਘਾ ਰੋਲ ਅਦਾ ਕੀਤਾ ਸੀ, ਸੰਖੇਪ ਵਿਚ ਸਾਰੀ ਘਟਨਾ ਬਿਆਨ ਕੀਤੀ ਅਤੇ ਆਖਿਆ ਕਿ ‘‘ਇਸ ਘਟਨਾ ਨੇ ਸਿੱਖਾਂ ਨੂੰ ਉਨ੍ਹਾਂ ਦੀ ਨੀਂਦ ’ਚੋਂ ਜਗਾ ਦਿੱਤਾ ਹੈ ਅਤੇ ਸਵਰਾਜ ਵੱਲ ਕੂਚ ਵਿਚ ਤੇਜ਼ੀ ਆ ਗਈ ਹੈ।’’ ਮੌਲਾਨਾ ਸ਼ੌਕਤ ਅਲੀ ਨੇ ਮਾਰਸ਼ਲ ਲਾਅ ਦੇ ਦਿਨਾਂ ਅਤੇ ਸਰਕਾਰ ਵੱਲੋਂ ਫੈਲਾਈ ਦਹਿਸ਼ਤ ਦਾ ਜ਼ਿਕਰ ਕਰਨ ਮਗਰੋਂ ਆਖਿਆ, ‘‘ਅਜਿਹੀ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣਾ ਕਿੰਨਾ ਫ਼ਜ਼ੂਲ ਹੈ।’’ ਆਪਣੇ ਭਾਸ਼ਣ ਵਿਚ ਉਸ ਨੇ ਸਰਕਾਰ ਨੂੰ ਇਸ ਸ਼ਰਾਰਤ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਜੁਰਮ ਵਿਚ ਮਹੰਤਾਂ ਦੀ ਮੱਦਦ ਕਰਨ ਵਾਸਤੇ ਪਠਾਣਾਂ ਨੂੰ ਫਿਟਕਾਰਿਆ।

ਅਕਾਲੀ ਸਿੱਖਾਂ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਨ ਮਹਾਤਮਾ ਗਾਂਧੀ 3 ਮਾਰਚ ਨੂੰ ਨਨਕਾਣੇ ਪਹੁੰਚੇ। ਉਸ ਦਿਨ ਸ਼ਹੀਦੀ ਦੀਵਾਨ ਵਿਚ ਮਹਾਤਮਾ ਨੇ ਹਿੰਦੋਸਤਾਨੀ ਵਿਚ ਸੰਖੇਪ ਭਾਸ਼ਣ ਦਿੱਤਾ ਜਿਸ ਵਿਚ ਉਨ੍ਹਾਂ ਨੇ ਆਖਿਆ ਕਿ ‘‘ਨਨਕਾਣੇ ਦੀ ਖ਼ਬਰ ਇਤਨੀ ਚਕਰਾ ਦੇਣ ਵਾਲੀ ਸੀ ਕਿ ਉਹ ਪੁਸ਼ਟੀ ਕੀਤੇ ਬਗ਼ੈਰ ਇਸ ’ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ।’’ ਮਹੰਤ ਦੀ ਜ਼ਾਲਮਾਨਾ ਹਰਕਤ ਦੀ ਨਿਖੇਧੀ ਕਰਦਿਆਂ ਅਤੇ ਸ਼ਾਂਤਮਈ ਰਹਿ ਕੇ ਤਸ਼ੱਦਦ ਸਹਿਣ ਲਈ ਅਕਾਲੀਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੇ ਅਕਾਲੀ ਸੁਧਾਰਕਾਂ ਦੀ ਸ਼ਹਾਦਤ ਨੂੰ ‘ਰਾਸ਼ਟਰੀ ਬਹਾਦਰੀ ਦਾ ਅਮਲ’ ਆਖਿਆ। ਮਹਾਤਮਾ ਗਾਂਧੀ ਨੇ ਵਿਦੇਸ਼ੀ ਹਕੂਮਤ ਦੀ ਨਿੰਦਾ ਕਰਦਿਆਂ ਆਖਿਆ: ‘‘ਜੋ ਕੁਝ ਵੀ ਮੈਂ ਸੁਣਿਆ ਤੇ ਵੇਖਿਆ ਹੈ ਉਹ ਡਾਇਰਵਾਦ ਦਾ ਹੀ ਦੂਜਾ ਰੂਪ ਹੈ, ਜਲ੍ਹਿਆਂਵਾਲੇ ਦੇ ਡਾਇਰਵਾਦ ਨਾਲੋਂ ਵਧੇਰੇ ਜਾਹਰਾਨਾ, ਵਧੇਰੇ ਗਿਣਿਆ ਮਿਥਿਆ ਤੇ ਵਧੇਰੇ ਕਰੂਰ।’’ ਨਨਕਾਣੇ ਦੀ ਤ੍ਰਾਸਦੀ, ਸਥਾਨਕ ਅਧਿਕਾਰੀਆਂ ਦੀ ਬੇਹਰਕਤੀ ਅਤੇ ਸਥਾਨਕ ਪ੍ਰਸ਼ਾਸਨ ਦੀ ਪਰੋਖ ਜ਼ਿੰਮੇਵਾਰੀ ਨੇ ਦਿੱਲੀ ਅਤੇ ਲੰਡਨ ਵਿਚ ਉਤਲੇ ਹਾਕਮਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਘੱਟਗਿਣਤੀ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੀ ਪਹਿਲੀ ਨੀਤੀ ਨੂੰ ਬਦਲਣ ਦੀ ਫੌਰੀ ਲੋੜ ਹੈ। ਭਾਰਤ ਸਰਕਾਰ ਦੀ ਇਸ ਨੁਕਤਾਚੀਨੀ, ਕਿ ਮੁਸ਼ਕਿਲ ਵਧੇਰੇ ਕਰਕੇ ਪੰਜਾਬ ਸਰਕਾਰ ਦੀ ਅਕਾਲੀ ਲਹਿਰ ਨਾਲ ਸ਼ੁਰੂ ਤੋਂ ਹੀ ਦ੍ਰਿੜ੍ਹਤਾ ਤੇ ਇਕਸਾਰਤਾ ਨਾਲ ਨਜਿੱਠਣ ਵਿਚ ਨਾਕਾਮੀ ਸੀ, ਨੇ ਪੰਜਾਬ ਦੇ ਅਧਿਕਾਰੀਆਂ ਨੂੰ ਅਤਿਅੰਤ ਲੋੜੀਂਦਾ ਹਥਿਆਰ ਮੁਹੱਈਆ ਕਰ ਦਿੱਤਾ ਕਿ (1.) ‘ਮੁਨਾਸਿਬ ਵਿਧਾਨਿਕ ਕਦਮਾਂ’ ਦੇ ਇਕਰਾਰਾਂ ਨਾਲ ਵਧ ਰਹੇ ਅਕਾਲੀ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ (2.) ਅਮਨ ਕਾਨੂੰਨ ਕਾਇਮ ਰੱਖਣ ਬਹਾਨੇ ਅਕਾਲੀ ਆਗੂਆਂ ਵਿਚੋਂ ਜੂਝਾਰੂ ਅਨਸਰਾਂ ਨੂੰ ਦਬਾਉਣ ਦੀ ਨਵੀਂ ਨੀਤੀ ਚਾਲੂ ਕੀਤੀ ਜਾਵੇ। ਇਹ ਨਵੀਂ ਨੀਤੀ ਲਾਗੂ ਕਰਨ ਦਾ ਸਿੱਟਾ ਹੀ ਸੀ ਕਿ ਇਕ ਪਾਸੇ ਨੌਕਰਸ਼ਾਹੀ, ਜਿਸਨੂੰ ਮਹੰਤਾਂ, ਪੁਜਾਰੀਆਂ ਤੇ ਦੂਜੇ ਸਵਾਰਥੀ ਹਿੱਤਾਂ ਦੀ ਹਮਾਇਤ ਪ੍ਰਾਪਤ ਸੀ, ਅਤੇ ਦੂਜੇ ਪਾਸੇ ਸਿੱਖ ਜਨਤਾ ਤੇ ਅਕਾਲੀ ਆਗੂਆਂ ਜਿਨ੍ਹਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਦੇਸ਼ ਦੀਆਂ ਦੂਜੀਆਂ ਰਾਸ਼ਟਰੀ ਸ਼ਕਤੀਆਂ ਦਾ ਸਮਰਥਨ ਸੀ, ਵਿਚਕਾਰ ਸਿੱਧੀ ਟੱਕਰ ਹੋ ਗਈ।

ਜਿਸ ਦੇ ਨਤੀਜੇ ਵਜੋਂ ਅਕਾਲੀ ਅੰਦੋਲਨ ਭਾਰਤ ਦੀ ਆਜ਼ਾਦੀ ਦਾ ਹਿੱਸਾ ਬਣ ਗਿਆ ਤੇ ਬਰਤਾਨਵੀ ਸਾਮਰਾਜ ਵਿਰੁੱਧ ਜੰਗੀ ਸੰਘਰਸ਼ ਸ਼ੁਰੂ ਹੋ ਗਿਆ। ਸਰਕਾਰ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂਂ ਚਾਬੀਆਂ ਵਾਪਸ ਲੈਣਾ, ਗੁਰੂ ਕੇ ਬਾਗ਼ ਵਿਚ ਸ਼ਾਂਤਮਈ ਸਤਿਆਗ੍ਰਹਿ ਤੇ ਜੈਤੋ ਦਾ ਮੋਰਚਾ ਇਸ ਸ਼ਾਂਤਮਈ ਲਹਿਰ ਦੇ ਅਜਿਹੇ ਪਹਿਲੂ ਸਨ ਜਿਨ੍ਹਾਂ ਦੇ ਮੁਕਾਬਲੇ ਮਹਾਤਮਾ ਗਾਂਧੀ ਦੀ ਨਾਮਿਲਵਰਤਣ ਲਹਿਰ ਇਕ ਕਮਜ਼ੋਰ ਜਿਹੀ ਨਕਲ ਬਣ ਗਈ। ਭਾਵੇਂ ਮਹਾਤਮਾ ਗਾਂਧੀ ਨੇ ਚੌਰਾਚੌਰੀ ਦੀਆਂ ਅਹਿੰਸਕ ਘਟਨਾਵਾਂ ਕਰਕੇ ਆਪਣਾ ਅੰਦੋਲਨ ਵਿਚ ਹੀ ਛੱਡ ਦਿੱਤਾ, ਪਰ ਅਕਾਲੀ ਮਰਜੀਵੜਿਆਂ ਨੇ ਸ਼ਾਂਤਮਈ ਅੰਦੋਲਨ ਉਦੋਂ ਤਕ ਜਾਰੀ ਰੱਖਿਆ ਜਦੋਂ ਤਕ ਉਨ੍ਹਾਂ ਦੇ ਸਾਥੀ ਬਿਨਾਂ ਸ਼ਰਤ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤੇ ਗਏ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਿੱਖਾਂ ਦੁਆਰਾ ਚੁਣਿਆ ਪ੍ਰਬੰਧਕੀ ਬੋਰਡ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੀ ਅਸੈਂਬਲੀ ਵਿਚ ਕਾਨੂੰਨ ਪਾਸ ਨਹੀਂ ਕੀਤਾ ਗਿਆ। ਚੋਣਾਂ ਤੋਂ ਬਾਅਦ ਇਸ ਬੋਰਡ ਦਾ ਨਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਜਿਹੜੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਆਪਣੀ ਤਰ੍ਹਾਂ ਦੀ ਨਿਵੇਕਲੀ ਸੰਸਥਾ ਬਣ ਗਈ। ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ’ਤੇ ਮਹੰਤਾਂ ਦੇ ਕਬਜ਼ੇ ਅਤੇ ਸਰਕਾਰੀ ਦਖਲ ਤੋਂ ਮੁਕਤੀ ਲਈ ਸਿਦਕੀ ਸਿੱਖਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਨਾਨਕ ਨਾਮਲੇਵਾ ਆਪਣੀ ਨਿਤਾਪ੍ਰਤੀ ਅਰਦਾਸ ਵਿਚ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ।

ਡਾ. ਮਹਿੰਦਰ ਸਿੰਘ ਅਕਾਲੀ ਲਹਿਰ ’ਤੇ ਲਿਖੀ ਪ੍ਰਮਾਣਿਤ ਪੁਸਤਕ ਦੇ ਲੇਖਕ ਹਨ ਜਿਹੜੀ ਪਹਿਲੀ ਵਾਰ ਅੰਗਰੇਜ਼ੀ ਵਿਚ ਮੈਕਮਿਲਨ ਕੰਪਨੀ ਨੇ 1978 ਵਿਚ ਛਾਪੀ ਤੇ ਬਾਅਦ ਵਿਚ ਇਸ ਦਾ ਪੰਜਾਬੀ ਤੇ ਹੋਰ ਜ਼ਬਾਨਾਂ ਵਿਚ ਨੈਸ਼ਨਲ ਬੁੱਕ ਟਰੱਸਟ ਵੱਲੋਂ ਅਨੁਵਾਦ ਕੀਤਾ ਗਿਆ। ਇਸ ਵੇਲੇ ਇਹ ਭਾਈ ਵੀਰ ਸਿੰਘ ਸਦਨ ਦੇ ਸੰਚਾਲਕ ਹਨ।