Boris johnson PM ਯੂਕੇ ਵੱਲੋਂ ਨਵੀਂ ਵਿਦਿਆਰਥੀ ਤਬਾਦਲਾ ਸਕੀਮ ਦਾ ਐਲਾਨ

ਲੰਡਨ, ਮਾਰਚ 2021, (ਗਿਆਨੀ ਅਮਰੀਕ ਸਿੰਘ ਰਾਠੌਰ /ਗਿਆਨੀ ਰਵਿੰਦਰਪਾਲ ਸਿੰਘ )- 

ਯੂਕੇ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨਵੀਂ ਵਿਦਿਆਰਥੀ ਤਬਾਦਲਾ ਸਕੀਮ ਤਹਿਤ 11 ਕਰੋੜ ਪੌਂਡ ਦੇ ਸਰਕਾਰੀ ਫੰਡਾਂ ਲਈ ਅਪਲਾਈ ਕਰ ਸਕਣਗੇ। ਨਿਊ ਟਿਊਰਿੰਗ ਸਕੀਮ ਤਹਿਤ ਭਾਰਤ ਸਮੇਤ ਹੋਰ ਮੁਲਕਾਂ ਦੇ ਵਿਦਿਆਰਥੀ ਯੂਕੇ ਦੀਆਂ ਸਿੱਖਿਆ ਸੰਸਥਾਵਾਂ ’ਚ ਪੜ੍ਹਨ ਦੇ ਨਾਲ ਇਥੇ ਕੰਮ ਵੀ ਕਰ ਸਕਣਗੇ। ਇੰਗਲਿਸ਼ ਗਣਿਤ ਸ਼ਾਸਤਰੀ ਤੇ ਕੋਡਬ੍ਰੇਕਰ ਐਲਨ ਟਿਊਰਿੰਗ ਦੇ ਨਾਮ ’ਤੇ ਚਲਾਈ ਇਹ ਸਕੀਮ ਬ੍ਰੈਗਜ਼ਿਟ ਮਗਰੋਂ ਨਵਾਂ ਮੀਲਪੱਥਰ ਸਾਬਿਤ ਹੋਵੇਗੀ ਤੇ ਯੂਰੋਪੀਅਨ ਯੂਨੀਅਨ ਵਿਸ਼ੇਸ਼ ਵਿਦਿਆਰਥੀ ਤਬਾਦਲਾ ਪ੍ਰੋਗਰਾਮ ‘ਐਰਾਸਮਸ’ ਦੀ ਥਾਂ ਲਏਗੀ। ਸਕੀਮ ਦਾ ਮੁੱਖ ਮੰਤਵ ਵਿਦੇਸ਼ ’ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੇ ਨੈੱਟਵਰਕ ਦੇ ਘੇਰੇ ਨੂੰ ਮੋਕਲਾ ਕਰਨਾ ਹੈ। ਯੂਕੇ ਦੇ ਸਿੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਉਨ੍ਹਾਂ ਦੇ ਮੁਲਕ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ ਵਿੱਚ ਸਿਖਰਲਾ ਸਰੋਤ ਹੈ। ਭਾਰਤ ਉਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਵੀ ਅੱਵਲ ਨੰਬਰ ਹੈ, ਜਿਨ੍ਹਾਂ ਨਾਲ ਯੂਕੇ ਦੀਆਂ ਯੂਨੀਵਰਸਿਟੀਆਂ ਵਿਦਿਆਰਥੀ ਤਬਾਦਲਾ ਪ੍ਰਾਜੈਕਟਾਂ ਸਬੰਧੀ ਕਰਾਰ ਕਰਨ ਦੀਆਂ ਇੱਛੁਕ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ, ‘ਦਿ ਟਿਊਰਿੰਗ ਸਕੀਮ ਅਸਲ ਵਿੱਚ ਆਲਮੀ ਪ੍ਰੋਗਰਾਮ ਹੈ, ਜਿਸ ਤਹਿਤ ਵਿਸ਼ਵ ਦਾ ਹਰੇਕ ਮੁਲਕ ਯੂਕੇ ਦੀਆਂ ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਨਾਲ ਭਾਈਵਾਲੀ ਪਾਉਣ ਦੇ ਯੋਗ ਹੈ।’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਕੀਮ ਹਰ ਆਮਦਨ ਵਰਗ ਦੇ ਵਿਦਿਆਰਥੀਆਂ ਲਈ ਮਦਦਗਾਰ ਹੋਣ ਦੇ ਨਾਲ ਉਨ੍ਹਾਂ ਨੂੰ ਕਿਸੇ ਵੀ ਚੋਣਵੇਂ ਮੁਲਕ ਵਿੱਚ ਸਿੱਖਿਆ ਦੇ ਬਿਹਤਰੀਨ ਮੌਕਾ ਤੇ ਤਜਰਬਾ ਪ੍ਰਦਾਨ ਕਰੇਗੀ। ਸਤੰਬਰ 2021 ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਤਹਿਤ 35000 ਆਲਮੀ ਤਬਾਦਲਿਆਂ ਲਈ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਤਬਾਦਲੇ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ, ਸਕੂਲ ਤਬਾਦਲਾ ਤੇ ਸਨਅਤੀ ਕੰਮ ਲਈ ਪਲੇਸਮੈਂਟ ਆਦਿ ਵੀ ਸ਼ਾਮਲ ਹੋਵੇਗੀ।