You are here

ਲਾਭਪਾਤਰੀ ਨੇੜਲੇ ਕਾਮਨ ਸਰਵਿਸ ਸੈਂਟਰ ਜਾਂ ਸੁਵਿਧਾ ਸੈਂਟਰਾਂ ਵਿਖੇ ਬਣਵਾ ਸਕਦੇ ਹਨ ਆਪਣਾ ਈ-ਕਾਰਡ-ਡੀ ਸੀ   

ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀਆਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲੈ ਸਕਦੇ ਹਨ ਲਾਹਾ - ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਡ ਬਣਾਉਣ 'ਚ ਤੇਜ਼ੀ ਲਿਆਉਣ ਲਈ, ਆਈ.ਈ.ਸੀ-ਕਮ-ਕਾਰਡ ਜਨਰੇਸ਼ਨ ਮੋਬਾਈਲ ਵੈਨ ਰਾਹੀਂ ਇਕ ਜਾਗਰੂਕਤਾ ਮੁਹਿੰਮ ਵੀ ਆਰੰਭੀ ਜਾਵੇਗੀ

ਡਿਪਟੀ ਕਮਿਸ਼ਨਰ ਵੱਲੋਂ ਖੁਰਾਕ, ਸਿਵਲ ਅਤੇ ਸਪਲਾਈ, ਮੰਡੀ ਬੋਰਡ, ਆਬਕਾਰੀ, ਲੇਬਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਹਦਾਇਤ, ਮਿੱਥਿਆ ਟੀਚਾ ਜਲਦ ਪ੍ਰਾਪਤ ਕੀਤਾ ਜਾਵੇ  

ਲੁਧਿਆਣਾ, ਫਰਵਰੀ 2021 (ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀਆਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਜਾਰੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾਂ (ਏਬੀ-ਸ.ਸ.ਬ.ਯ.) ਤਹਿਤ ਕੈਸ਼ਲੈੱਸ ਸਿਹਤ ਬੀਮੇ ਦਾ ਵੱਧ ਤੋਂ ਵੱਧ ਲਾਹਾ ਲੈਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲਾਭਪਾਤਰੀ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ.) ਜਾਂ ਸੁਵਿਧਾ ਸੈਂਟਰਾਂ ਵਿਖੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ਜਿਸ ਲਈ ਉਨ੍ਹਾਂ ਨੂੰ ਪ੍ਰਤੀ ਕਾਰਡ ਬਣਾਉਣ 'ਤੇ ਸਿਰਫ 30 ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਈ-ਕਾਰਡ ਬਣਾਉਣ ਅਤੇ ਰਜਿਸ਼ਟ੍ਰੇਸ਼ਨ ਕਰਾਉਣ ਸਮੇਂ ਆਪਣੇ ਆਧਾਰ ਕਾਰਡ ਨਾਲ ਲਿਜਾਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ, ਸਾਰੇ ਸੂਚੀਬੱਧ ਲਾਭਪਾਤਰੀਆਂ ਨੂੰ ਕਵਰ ਕਰਨ ਦੀ ਯੋਜਨਾ ਤਹਿਤ ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਿਚ ਆਈ.ਈ.ਸੀ-ਕਮ-ਕਾਰਡ ਜਨਰੇਸ਼ਨ ਮੋਬਾਈਲ ਵੈਨ ਰਾਹੀਂ ਇਕ ਜਾਗਰੂਕਤਾ ਮੁਹਿੰਮ ਵੀ ਆਰੰਭੀ ਜਾਵੇਗੀ। ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਵੈਨ ਵਿੱਚ ਆਡੀਓ-ਵੀਡੀਓ ਸਿਸਟਮ ਤੋਂ ਇਲਾਵਾ ਇਸ ਵਿਚ ਇਕ ਈ-ਕਾਰਡ ਜਨਰੇਟ ਕਰਨ ਵਾਲੀ ਡੈਸਕ ਨਾਲ ਲੈਸ ਹੋਵੇਗੀ, ਜੋ ਜ਼ਿਲ੍ਹੇ ਭਰ ਵਿੱਚ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸੰਵੇਦਨਸ਼ੀਲਤਾ ਵਿਚ ਅਹਿਮ ਸਿੱਧ ਹੋਵੇਗੀ ਅਤੇ ਈ-ਕਾਰਡ ਜਨਰੇਟ ਕਰਨ ਦੀ ਗਤੀ ਵਧਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਖੁਰਾਕ, ਸਿਵਲ ਅਤੇ ਸਪਲਾਈ, ਮੰਡੀ ਬੋਰਡ, ਆਬਕਾਰੀ, ਲੇਬਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ 13 ਬਲਾਕਾਂ ਵਿੱਚ 130 ਕੈਂਪਾਂ ਦਾ ਟੀਚਾ ਜਲਦ ਪ੍ਰਾਪਤ ਕੀਤਾ ਜਾਵੇ, ਜਿਸ ਦੇ ਤਹਿਤ ਹਰ ਬਲਾਕ ਵਿੱਚ 10 ਕੈਂਪ ਲਗਾਏ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਤਹਿਤ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾਵੇ ਤਾਂ ਜੋ ਇਸ ਯੋਜਨਾ ਨੂੰ ਵੱਡੇ ਪੱਧਰ 'ਤੇ ਸਫਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਤਹਿਤ ਲੋਕ 5 ਲੱਖ ਰੁਪਏ ਤੱਕ ਦਾ ਕੈਸ਼ਲੈਂਸ ਇਲਾਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਪ੍ਰਮਾਣਿਤ ਹਸਪਤਾਲਾਂ ਅਤੇ ਲਾਭਪਾਤਰੀਆਂ ਦੀ ਯੋਗਤਾ ਦੀ ਸੂਚੀ sha.punjab.gov.in 'ਤੇ ਵੇਖੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯੋਜਨਾ ਲਾਭਪਾਤਰੀਆਂ ਨੂੰ 1579 ਪੈਕੇਜ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਵਿਚ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿਚੋਂ 25 ਪੈਕੇਜ ਨਿੱਜੀ ਹਸਪਤਾਲਾਂ ਵਿਚ ਰੈਫਰ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂਂ ਨਾਮਜ਼ਦਗੀ ਅਤੇ ਈ-ਕਾਰਡ ਜਨਰੇਸ਼ਨ ਦੇ ਕੰਮਾਂ ਲਈ ਵਾਈਡਲ ਹੈਲਥ ਇੰਸੋਰੈਂਸ ਟੀ.ਪੀ.ਏ. ਨੂੰ ਨਿਯੁਕਤ ਕੀਤਾ ਹੈ। ਇਸ ਮੌਕੇ ਪ੍ਰਮੁੱਖ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ.ਸਕੱਤਰ ਸਿੰਘ ਬੱਲ, ਐਸ.ਡੀ.ਐਮ.(ਪੂਰਬੀ) ਡਾ. ਬਲਜਿੰਦਰ ਸਿੰਘ ਢਿੱਲੋਂ, ਏ.ਈ.ਟੀ.ਸੀ. ਸ੍ਰੀ ਦਮਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।