ਕੰਮਕਾਰ ਖੋਲ੍ਹਣ ਲਈ ਛੇਤੀ ਕੀਤਾ ਜਾਵੇਗਾ ਤਰੀਕਾਂ ਦਾ ਐਲਾਨ
ਲੰਡਨ, ਫ਼ਰਵਰੀ 2021 ( ਗਿਆਨੀ ਅਮਰੀਕ ਸਿੰਘ ਰਠੌਰ, ਗਿਆਨੀ ਰਵਿੰਦਰਪਾਲ ਸਿੰਘ )
ਬਰਤਾਨੀਆ 'ਚ ਡੇਢ ਕਰੋੜ ਲੋਕਾਂ ਨੂੰ ਕੋਰੋਨਾ ਟੀਕਾ ਲੱਗਣ ਤੋਂ ਬਾਅਦ ਲਾਕਡਾਊਨ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਸਾਵਧਾਨੀ ਨਾਲ ਲਾਕਡਾਊਨ ਖ਼ਤਮ ਕਰਨ ਦੀ ਯੋਜਨਾ ਹੋਵੇਗੀ। ਅਰਥਚਾਰਾ ਖੋਲ੍ਹਣ ਲਈ ਛੇਤੀ ਹੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੀ ਚਪੇਟ 'ਚ ਆਉਣ ਤੋਂ ਬਾਅਦ ਇਸ ਯੂਰਪੀ ਦੇਸ਼ 'ਚ ਪਿਛਲੇ ਢਾਈ ਮਹੀਨਿਆਂ ਤੋਂ ਲਾਕਡਾਊਨ ਹੈ। ਬਰਤਾਨੀਆ 'ਚ ਕੋਰੋਨਾ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਮਹਾਮਾਰੀ ਵਧ ਗਈ ਸੀ। ਹਾਲਾਂਕਿ ਇਨਫੈਕਸ਼ਨ ਦੀ ਦਰ ਹੁਣ ਵੀ ਜ਼ਿਆਦਾ ਹੈ।
ਜੌਨਸਨ ਨੇ ਕਿਹਾ ਕਿ ਇਨਫੈਕਸ਼ਨ ਦੇ ਬਾਵਜੂਦ ਸਾਨੂੰ ਸਹੀ ਦਿਸ਼ਾ 'ਚ ਕੁਝ ਚੀਜ਼ਾਂ ਅੱਗੇ ਵਧਾਉਣੀਆਂ ਪੈਣਗੀਆਂ। ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਦੱਸਿਆ ਕਿ ਹੁਣ ਵੀ ਇਨਫੈਕਸ਼ਨ ਦੀ ਦਰ ਬਹੁਤ ਜ਼ਿਆਦਾ ਹੈ। ਹਾਲਾਂਕਿ ਵੈਕਸੀਨ ਅਸਰਦਾਰ ਹੈ। ਜੌਨਸਨ ਲਾਕ ਡਾਊਨ ਖ਼ਤਮ ਕਰਨ 'ਤੇ 22 ਫਰਵਰੀ ਨੂੰ ਆਪਣੀ ਯੋਜਨਾ ਜ਼ਾਹਰ ਕਰਨਗੇ। ਬਰਤਾਨੀਆ 'ਚ ਹੁਣ ਤਕ ਇਕ ਕਰੋੜ 50 ਲੱਖ 62 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਜਦਕਿ ਪੰਜ ਲੱਖ 37 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੂਜੀ ਖ਼ੁਰਾਕ ਲੱਗ ਗਈ ਹੈ। ਇੱਥੇ ਕੁਲ 40 ਲੱਖ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਮਿਲੇ ਹਨ। ਇਕ ਲੱਖ 17 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ।