You are here

ਜ਼ਿਲ੍ਹਾ ਮਾਸ ਮੀਡੀਆ ਟੀਮ ਵੱਲੋਂ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਕੱਟੇ ਚਾਲਾਨ

18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ

ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ. ਮੰਨੂ ਵਿਜ ਐਸ.ਐਮ.ਓ. ਦੀ ਅਗਵਾਈ ਵਿੱਚ ਮਾਸ ਮੀਡੀਆ ਟੀਮ ਵੱਲੋਂ ਕੋਟਪਾ (COTPA) ਸਬੰਧੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।
ਮਾਸ ਮੀਡੀਆ ਟੀਮ ਵੱਲੋਂ ਅੱਜ 12 ਚਲਾਨ ਕੱਟੇ ਗਏ ਜਿਸ ਵਿੱਚ ਮਿੰਨੀ ਸਕੱਤਰੇਤ, ਪੀ.ਏ.ਯੂ. ਏਰੀਆ, ਬੱਸ ਸਟੈਂਡ, ਰੇਲਵੇ ਸਟੈਂਡ ਅਤੇ ਕੈਲਾਸ਼ ਚੌਂਕ ਏਰੀਏ ਵਿੱਚ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਦਿਆਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਇਸ ਐਕਟ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਕੋਟਪਾ ਤਹਿਤ ਜੋ ਲੋਕ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਚਲਾਨ ਕੱਟ ਕੇ ਜਾਗਰੂਕ ਕੀਤਾ ਜਾਂਦਾ ਹੈ ਕਿ ਅਜਿਹਾ ਕਰਨਾ ਨਿਯਮਾਂ ਦੇ ਖਿਲਾਫ ਹੈ। ਜਿਨ੍ਹਾਂ ਲੁਧਿਆਣਾ ਅਧੀਨ ਸਮੂਹ ਸੰਸਥਾਵਾਂ ਵੱਲੋਂ ਇਹ ਕਾਰਵਾਈ ਜਾਰੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਸ.ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਅਤੇ ਜਨਤਾ ਦੀ ਸਿਹਤ ਦਾ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ 18 ਸਾਲ ਤੋਂ ਘੱਟ ਦੀ ਉਮਰ ਦਾ ਕੋਈ ਵੀ ਵਿਅਕਤੀ ਨਾ ਤਾਂ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖ਼ਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ ਨਜ਼ਦੀਕ ਇਹ ਉਤਪਾਦ (ਤੰਬਾਕੂ) ਵੇਚਣਾ ਸਖਤ ਮਨ੍ਹਾ ਹੈ।
ਨੋਡਲ ਅਫਸਰ ਡਾ. ਮੰਨੂ ਵਿਜ ਅਨੁਸਾਰ ਜਨਤਾ ਤੰਬਾਕੂਨੋਸ਼ੀ ਤੋਂ ਗੁਰੇਜ਼ ਕਰੇ ਤਾਂ ਜੋ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।