ਲੰਡਨ, ਮਈ (ਜਨ ਸ਼ਕਤੀ ਨਿਊਜ਼ )- ਬਰਤਾਨੀਆ 'ਚ ਕ੍ਰੋਹਨ ਰੋਗ ਨਾਲ ਪੀੜਤ ਭਾਰਤੀ ਮੂਲ ਦੀ ਮਹਿਲਾ ਭਾਵਨੀ ਐਸਪਥੀ ਦੇ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਪਾਈ ਇਕ ਪਟੀਸ਼ਨ 'ਤੇ 1 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖ਼ਤ ਕਰਕੇ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਅਪੀਲ ਕੀਤੀ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭਾਵਨੀ ਦਾ ਯੂ. ਕੇ. 'ਚ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਵਲੋਂ ਵੀ ਉਸ ਨੂੰ ਇੱਥੇ ਰੱਖਣ ਦੀ ਗੱਲ ਕਹੀ ਗਈ ਹੈ, ਜਦਕਿ ਗ੍ਰਹਿ ਵਿਭਾਗ ਉਸ ਨੂੰ ਜ਼ਬਰਦਸਤੀ ਮੌਤ ਦੇ ਮੂੰਹ 'ਚ ਧੱਕ ਰਿਹਾ ਹੈ | ਪਟੀਸ਼ਨ 'ਚ ਭਾਵਨੀ ਨੂੰ ਯੂ. ਕੇ. ਰਹਿਣ ਦੀ ਇਜਾਜ਼ਤ ਦੇਣ ਦੀ ਅਤੇ ਇਲਾਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਭਾਵਨੀ ਯੂ. ਕੇ. 'ਚ ਭਾਰਤ ਤੋਂ 9 ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਪੜ੍ਹਾਈ ਕਰਨ ਲਈ ਆਈ ਸੀ | ਪੜ੍ਹਾਈ ਤੋਂ ਬਾਅਦ ਉਸ ਨੇ ਆਰਟਸ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਬਾਅਦ 'ਚ ਕ੍ਰੋਹਨ ਨਾਂਅ ਦੀ ਦੁਰਲੱਭ ਬਿਮਾਰੀ ਦਾ ਸ਼ਿਕਾਰ ਹੋ ਗਈ ਅਤੇ ਹੁਣ ਕੋਮਾ 'ਚ ਹੈ | ਗ੍ਰਹਿ ਵਿਭਾਗ ਮੰਨ ਚੁੱਕਿਆ ਹੈ ਕਿ ਉਸ ਨੂੰ ਭਾਰਤ 'ਚ ਚੰਗੀ ਸਿਹਤ ਸੰਭਾਲ ਨਹੀਂ ਮਿਲੇਗੀ, ਫਿਰ ਵੀ ਉਸ ਨੂੰ ਦੇਸ਼ 'ਚੋਂ ਕਿਉਂ ਕੱਢਿਆ ਜਾ ਰਿਹਾ ਹੈ | ਭਾਵਨੀ ਦੇ ਹੱਕ 'ਚ ਖ਼ਬਰ ਲਿਖਣ ਤੱਕ 1 ਲੱਖ 50 ਹਜ਼ਾਰ ਦੇ ਕਰੀਬ ਲੋਕ ਦਸਤਖ਼ਤ ਕਰ ਚੁੱਕੇ ਸਨ |