ਜ਼ਿਲ੍ਹਾ ਲੁਧਿਆਣਾ ਦੇ 8 ਪਿੰਡਾਂ 'ਚ ਜਲਦ ਸੁ਼ਰੂ ਹੋਣਗੇ ਆਰ.ਓ. ਸਿਸਟਮ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਟੀ.ਡੀ.ਐਸ. ਦੀ ਜਿਆਦਾ ਮਾਤਰਾ ਵਾਲੇ ਪਿੰਡਾਂ 'ਚ ਜਲਦ ਆਰ.ਓ. ਵਾਲਾ ਪਾਣੀ ਹੋਵੇਗਾ ਸਪਲਾਈ

ਵਸਨੀਕਾਂ ਵੱਲੋਂ ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਧੰਨਵਾਦ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 8 ਪਿੰਡਾਂ ਵਿੱਚ ਜਲਦ ਹੀ ਰਿਵਰਸ ਓਸਮੋਸਿਸ (ਆਰ.ਓ.) ਸਿਸਟਮ ਸੁਰੂ ਹੋਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੁਆਰਾ ਫੰਡ ਪ੍ਰਾਪਤ ਪ੍ਰਾਜੈਕਟ ਦੀ ਸਹਾਇਤਾ ਨਾਲ ਇਨ੍ਹਾਂ 8 ਪਿੰਡਾਂ ਵਿੱਚ ਇਹ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ।

ਜਿਨ੍ਹਾਂ ਪਿੰਡਾਂ ਵਿਚ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਬੇਗੋਵਾਲ, ਦਬੁਰਜ਼ੀ, ਗਿਦੜੀ, ਸਿਰਥਲਾ, ਅਲੂਨਾ ਪੱਲਾ, ਕੌੜੀ, ਬੈਂਸ ਅਤੇ ਭੱਟੀਆਂ ਢਾਹਾ ਸ਼ਾਮਲ ਹਨ। ਇਹ ਆਰ.ਓ. ਸਿਸਟਮ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ, 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਪੂਰਾ ਕਰਨ ਲਈ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਪੰਜਾਬ ਇਹ ਮਾਣ ਹਾਸਲ ਕਰਨ ਵਾਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਆਦਾ ਮਾਤਰਾ ਵਿੱਚ ਟੀ.ਡੀ.ਐਸ. ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਯੋਗ ਸਾਫ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਤਹਿਤ ਇਨ੍ਹਾਂ 8 ਪਿੰਡਾਂ ਦੇ ਵਸਨੀਕਾਂ ਲਈ ਪਾਣੀ ਦਾ ਸੁੱਧੀਕਰਨ ਕਰਨ ਵਾਲੇ ਪਲਾਂਟ ਲਗਵਾਏ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਵਿਚ ਧਾਤ ਦੀ ਗੰਦਗੀ ਕਾਰਨ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਪਿੰਡ ਬੇਗੋਵਾਲ ਦੇ ਹਰਦਿਆਲ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਵਿੱਚ ਟੀ.ਡੀ.ਐਸ. ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਸਾਫ ਪੀਣ ਯੋਗ ਪਾਣੀ ਨਹੀਂ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁਝ ਵਸਨੀਕਾਂ ਵੱਲੋਂ ਆਪ ਖ਼ਰਚਾ ਕਰਕੇ ਆਪਣੇ ਘਰਾਂ ਵਿੱਚ ਆਰ.ਓ. ਸਿਸਟਮ ਲਗਾਵਾਏ ਸੀ, ਪਰ ਪਿੰਡ ਦੇ ਜ਼ਿਅਦਾਤਰ ਵਸਨੀਕ ਮਾਲੀ ਹਾਲਤ ਕਾਰਨ ਇਸ ਨੂੰ ਲਗਵਾਉਣ ਵਿੱਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਸਾਫ਼ ਪਾਣੀ ਦੀ ਅਣਹੋਂਦ ਕਾਰਨ ਕੁਝ ਲੋਕ ਬਿਮਾਰ ਵੀ ਹੋ ਜਾਂਦੇ ਹਨ।

ਪਿੰਡ ਅਲੂਨਾ ਪੱਲਾ ਦੇ ਸਰਪੰਚ ਕਰਮ ਸਿੰਘ ਵੱਲੋਂ'ਹਰ ਘਰ ਪਾਣੀ, ਹਰ ਘਰ ਸਫਾਈ' ਮਿਸ਼ਨ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਸ ਤਹਿਤ ਵਸਨੀਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।