ਦਿੱਲੀ ਪੁਲੀਸ ਵੱਲੋਂ 26 ਜਨਵਰੀ ਦਿੱਲੀ ਹਿੰਸਾ ਲਈ ਕਈ ਐੱਫਆਈਆਰਾਂ ਦਰਜ  

ਕੁੱਲ ਦਰਜ ਐਫ ਆਈ ਆਰ ਦੀ ਗਿਣਤੀ 33  

 37 ਕਿਸਾਨ ਆਗੂਆਂ ਨੂੰ ਕੀਤਾ ਗਿਆ ਨਾਮਜ਼ਦ  

44 ਆਗੂਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ  

ਲਾਲ ਕਿਲ੍ਹੇ ਤੇ ਹੋਏ ਹਿੰਸਕ ਕਾਰਵਾਈਆਂ ਤੇ ਦੇਸ਼ ਧ੍ਰੋਹ ਦਾ ਕੇਸ ਦਰਜ  

30 ਵਾਹਨਾਂ ਦੀ ਪਛਾਣ ਮਾਲਕਾਂ ਨੂੰ ਗ੍ਰਿਫ਼ਤਾਰ  ਕਰਨ ਦੀਆਂ ਕੋਸ਼ਿਸ਼ਾਂ

ਦਿੱਲੀ ,ਜਨਵਰੀ 2021  -(ਏਜੰਸੀ )

ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਲਈ ਦਰਜ ਐੱਫਆਈਆਰਾਂ ਵਿੱਚ 37 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲੀਸ ਨੇ 44 ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਆਮ ਕਰਕੇ ਮੁਲਜ਼ਮ ਨੂੰ ਮੁਲਕ ਛੱਡ ਕੇ ਭੱਜਣ ਤੋਂ ਰੋਕਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਲਾਲ ਕਿਲੇ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 124ਏ (ਦੇਸ਼ਧ੍ਰੋਹ) ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਲਾਲ ਕਿਲੇ ’ਚ ਧਾਰਮਿਕ ਝੰਡਾ ਝੁਲਾਉਣ ਦੇ ਮਾਮਲੇ ਵਿੱਚ ਦਰਜ ਐੈੱਫਆਈਆਰ ਵਿੱਚ ਅਦਾਕਾਰ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਦਾ ਨਾਮ ਸ਼ਾਮਲ ਕਰ ਲਿਆ। ਉਧਰ ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਮਾਰਚ ਮੌਕੇ ਨਿਰਧਾਰਿਤ ਰੂਟ ਦੀ ਉਲੰਘਣਾ ਲਈ ਦਰਜ ਐੱਫਆਈਆਰ ਵਿੱਚ 30 ਵਾਹਨਾਂ ਦੀ ਪਛਾਣ ਕੀਤੀ ਹੈ ਤੇ ਇਨ੍ਹਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐੱਫਆਈਆਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਤੋਂ ਪਿਸਟਲ, ਗੋਲੀਸਿੱਕਾ ਤੇ ਅੱਥਰੂ ਗੈਸ ਗੰਨ ਖੋਹਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪੁਲੀਸ ਨੇ ਦਿੱਲੀ ਹਿੰਸਾ ਮਾਮਲੇ ’ਚ ਕੁੱਲ ਮਿਲਾ ਕੇ 33 ਐਫ਼ਆਈਆਰ ਦਰਜ ਕੀਤੀਆਂ ਹਨ।

ਦਿੱਲੀ ਦੇ ਪੁਲੀਸ ਕਮਿਸ਼ਨਰ ਐੱਸ.ਐੱਨ.ਸ੍ਰੀਵਾਸਤਵ ਨੇ ਕਿਹਾ, ‘ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਨਾਮਜ਼ਦ ਕੀਤੇ ਕਿਸਾਨ ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ।’ ਸ੍ਰੀਵਾਸਵਤ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਰਾਦਾ ਕਤਲ, ਦੰਗਾ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਮੇਧਾ ਪਾਟੇਕਰ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ। ਹੋਰਨਾਂ ਆਗੂਆਂ ਵਿੱਚ ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਕੁਲਵੰਤ ਸਿੰਘ ਸੰਧੂ, ਸਤਨਾਮ ਸਿੰਘ ਪੰਨੂ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲੱਖੋਵਾਲ ਦੇ ਨਾਮ ਸ਼ਾਮਲ ਹਨ। ਪੁਲੀਸ ਮੁਖੀ ਨੇ ਦਿੱਲੀ ਪੁਲੀਸ ਦੇ ਅਮਲੇ ਨਾਂ ਇਕ ਖੁੱਲ੍ਹ ਚਿੱਠੀ ਲਿਖਦਿਆਂ ਦਿੱਲੀ ਹਿੰਸਾ ਨਾਲ ਨਜਿੱਠਣ ਦੇ ਢੰਗ ਤਰੀਕੇ ਦੀ ਤਾਰੀਫ਼ ਕੀਤੀ ਹੈ। ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਜ਼ਾਬਤੇ ਵਿੱਚ ਰਹਿੰਦਿਆਂ ਪੂਰੇ ਹੋਸ਼ੋ-ਹਵਾਸ ਨਾਲ ਕੰਮ ਲੈਂਦਿਆਂ ਹਾਲਾਤ ਨਾਲ ਸਫ਼ਲਤਾਪੂਰਵਕ ਸਿੱਝਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਆਉਂਦੇ ਦਿਨ ਵਧੇਰੇ ਚੁਣੌਤੀਪੂਰਨ ਹੋਣਗੇ ਲਿਹਾਜ਼ਾ ਅਮਲਾ ਪੂਰੀ ਤਰ੍ਹਾਂ ਚੌਕਸ ਰਹੇ।

ਇਸ ਦੌਰਾਨ ਦਿੱਲੀ ਪੁਲੀਸ ਨੇ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੇ ਬਲਬੀਰ ਸਿੰਘ ਰਾਜੇਵਾਲ ਸਮੇਤ 20 ਦੇ ਕਰੀਬ ਕਿਸਾਨ ਆਗੂਆਂ ਨੂੰ ਵੱਖਰੇ ਤੌਰ ’ਤੇ ਨੋਟਿਸ ਜਾਰੀ ਕੀਤੇ ਹਨ। ਕਿਸਾਨ ਆਗੂਆਂ ਨੂੰ ਇਨ੍ਹਾਂ ਕਾਨੂੰਨੀ ਨੋਟਿਸਾਂ ਦਾ ਜਵਾਬ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਨੋਟਿਸਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਆਗੂਆਂ ਨੇ ਮੰਗਲਵਾਰ ਦੀ ਟਰੈਕਟਰ ਪਰੇਡ ਲਈ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਲਿਹਾਜ਼ਾ ਉਹ ਜਵਾਬ ਦੇਣ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ.ਦਰਸ਼ਨ ਪਾਲ ਨੂੰ ਵੀ ਅਜਿਹਾ ਹੀ ਇਕ ਨੋਟਿਸ ਜਾਰੀ ਕੀਤਾ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਐੱਫਆਈਆਰ ’ਚ ਨਾਮਜ਼ਦ ਕਿਸਾਨ ਆਗੂਆਂ ਨੂੰ ਲੁਕਆਊਟ ਨੋਟਿਸ ਤੇ ਕਾਨੂੰਨੀ ਨੋਟਿਸ ਜਾਰੀ ਕਰਨ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਹੋਈ ਲੜੀਵਾਰ ਮੀਟਿੰਗਾਂ ਮਗਰੋਂ ਲਿਆ ਗਿਆ ਹੈ। ਦਿੱਲੀ ਪੁਲੀਸ ਨੇ ਮੰਗਲਵਾਰ ਦੀ ਹਿੰਸਾ ਮਗਰੋਂ 25 ਐੱਫਆਈਆਰ ਦਰਜ ਕੀਤੀਆਂ ਸਨ। ਇਸ ਦੌਰਾਨ ਨੌਇਡਾ ਵਿੱਚ ਧਰਨਾ ਲਾਈ ਬੈਠੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾਇਆ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਹਿੰਸਾ ’ਚ ਸ਼ਾਮਲ ਦੰਗਾਈਆਂ ਖ਼ਿਲਾਫ਼ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਆਇਦ ਕਰਨ ਦੇ ਨਾਲ ਹੀ ਦੇਸ਼ਧ੍ਰੋਹ ਦੀਆਂ ਧਾਰਾਵਾਂ ਵੀ ਲਾ ਦਿੱਤੀਆਂ ਹਨ।