ਮੋਹਾਲੀ/ਚੰਡੀਗੜ੍ਹ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ।ਅਕਾਦਮਿਕ ਸਾਲ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਮਾਰਚ 2021 ਜਦ ਕਿ ਦਸਵੀਂ ਜਮਾਤ ਦੀ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
ਬੋਰਡ ਮੈਨੇਜਮੈਂਟ ਨੇ ਇਸ ਸਬੰਧੀ ਡੇਟ-ਸ਼ੀਟ ਵੀ ਜਾਰੀ ਕਰ ਦਿੱਤੀ ਹੈ ਕੰਟਰੋਲਰ ਪ੍ਰੀਖਿਆਵਾਂ ਜਨਕ ਮਹਿਰੋਕ ਨੇ ਦੱਸਿਆ ਕਿ ਕੰਪਾਰਟਮੈਂਟ/ਰੀਅਪੀਅਰ,ਵਾਧੂ ਵਿਸ਼ਾ,ਕਾਰਗੁਜ਼ਾਰੀ ਵਧਾਉਣ ਵਾਲੇ ਵਿਦਿਆਰਥੀਆ ਤੋਂ ਇਲਾਵਾ ਦਸਵੀ/ਬਾਰ੍ਹਵੀਂ ਦੇ ਉਪਰੋਕਤ ਅਕਾਦਮਿਕ ਸਾਲ ਸਾਲ ਦੇ ਪ੍ਰੀਖਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ।ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਦੋਹਾਂ ਜਮਾਤਾਂ ਨਾਲ ਸਬੰਧਤ ਕਰੀਬ 6 ਲੱਖ ਪ੍ਰੀਖਿਆਰਥੀ ਪ੍ਰੀਖਿਆਵਾਂ ਦੇਣਗੇ।
ਕੋਵਿਡ-19 ਕਾਰਨ ਦੂਰੀ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਬੋਰਡ 1 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਦਾ ਵਾਧਾ ਕਰੇਗਾ।ਇਸ ਵਾਰ ਸਾਢੇ 3 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਸੂਚਨਾ ਹੈ ਜਦ ਕਿ ਇਸ ਤੋਂ ਪਹਿਲਾਂ ਹੋਈਆਂ ਪ੍ਰੀਖਿਆਵਾਂ 2500 ਦੇ ਆਸ-ਪਾਸ ਹੀ ਕੇਂਦਰ ਬਣਾਏ ਜਾਂਦੇ ਰਹੇ ਹਨ।ਵੇਰਵਿਆਂ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਵਿਚ ਕੋਵਿਡ-19 ਕਾਰਨ 30 ਫ਼ੀਸਦੀ ਪਾਠਕ੍ਰਮ ਵਿਚ ਕਟੌਤੀ ਕੀਤੀ ਗਈ ਹੈ ਜਦ ਕਿ ਵਿਦਿਆਰਥੀਆਂ ਦੇ ਪੜ੍ਹਾਈ ਦੇ ਸੰਭਾਵਿਤ ਨੁਕਸਾਨ ਨੂੰ ਦੇਖਦਿਆਂ ਪੇਪਰ ਦਾ ਪੱਧਰ 40 ਫ਼ੀਸਦੀ ਤਕ ਅਬਜੈਕਟਿਵ (ਵਸਤੂਨਿਸ਼ਠ) ਕੀਤਾ ਗਿਆ ਹੈ।ਇਹੀ ਨਹੀਂ ਵਿਦਿਆਰਥੀਆਂ ਨੂੰ ਭਵਿੱਖ ਦੇ ਚੁਣੌਤੀ ਵਾਲੇ ਇਮਤਿਹਾਨਾਂ ਵਿਚ ਬੈਠਣ ਦੇ ਮੱਦੇਨਜ਼ਰ ਔਖਿਆਈ-ਪੱਧਰ ਵੀ ਬਰਕਾਰ ਰੱਖੇ ਜਾਣ ਦੀ ਸੂਚਨਾਂ ਹੈ।ਇਸ ਬਾਰੇ ਨਮੂਨੇ ਦੇ ਪ੍ਰਸ਼ਨ-ਪੱਤਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।
ਦਸਵੀਂ ਜਮਾਤ ਦੀ ਪ੍ਰੀਖਿਆ 1 ਮਈ 2021 ਜਦ ਕਿ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 27 ਅਪ੍ਰੈਲ ਨੂੰ ਸਮਾਪਤ ਹੋਵੇਗੀ। ਦਸਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ-ਏ ਵਿਸ਼ੇ ਜਦ ਕਿ ਬਾਰ੍ਹਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ ਜਨਰਲ ਪੰਜਾਬੀ ਦਾ ਪੇਪਰ ਦੇਣਗੇ।
ਜਾਣਕਾਰੀ ਮਿਲੀ ਹੈ ਕਿ ਪ੍ਰੀਖਿਆ ਕੇਂਦਰ ਵਧਣ ਕਾਰਨ ਇਨ੍ਹਾਂ ਪ੍ਰੀਖਿਆਵਾਂ ਲਈ ਬੋਰਡ ਨੂੰ ਇਸ ਵਾਰ ਉਡਣ-ਦਸਤਿਆਂ ਦੀ ਗਿਣਤੀ ਵਿਚ ਵੀ ਵਾਧਾ ਕਰਨਾ ਪਵੇਗਾ।