ਲੁਧਿਆਣਾ , ਦਸੰਬਰ 2020 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਵਧੀਕ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ, ਮੋਗਾ ਸ਼੍ਰੀਮਤੀ ਅਨੀਤਾ ਦਰਸ਼ੀ ਦੀ ਪੁੱਤਰੀ ਮੋਕਸ਼ਾ ਬੈਂਸ ਜੱਜ ਬਣ ਗਈ ਹੈ। ਮਹਿਜ਼ 23 ਵਰ੍ਹਿਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਦੀ ਚੋਣ ਬਤੌਰ ਮੈਟਰੋ ਪੌਲੀਟੀਅਨ ਮੈਜਿਸਟਰੇਟ ਕਲਾਸ 1 ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੋਕਸ਼ਾ ਬੈਂਸ ਪਹਿਲੀ ਵਾਰ ਹੀ ਇਸ ਪ੍ਰੀਖਿਆ ਵਿਚ ਬੈਠੀ ਸੀ ਅਤੇ ਉਸ ਦੀ ਕਾਬਲੀਅਤ ਸਦਕਾ ਸਫ਼ਲਤਾ ਨੇ ਉਸ ਦੇ ਪੈਰ ਚੁੰਮੇ ਨੇ। ਇਹ ਵੀ ਵਰਨਣਯੋਗ ਹੈ ਕਿ ਮੋਕਸ਼ਾ ਦੇ ਪਿਤਾ ਚਮਨ ਬੈਂਸ ਵੀ ਬਿਜਲੀ ਬੋਰਡ ਵਿਚੋਂ ਐੱਸ ਈ ਵਜੋਂ ਸੇਵਾ ਮੁਕਤ ਹੋਏ ਹਨ, ਜਦਕਿ ਮੋਕਸ਼ਾ ਬੈਂਸ ਦੇ ਨਾਨਾ ਏ ਆਰ ਦਰਸ਼ੀ ਵੀ 1970 ਵਿਚ ਮੋਗਾ ਦੇ ਐੱਸ ਡੀ ਐੱਮ ਰਹਿ ਚੁੱਕੇ ਹਨ ਤੇ ਇੰਝ ਤੀਜੀ ਪੀੜ੍ਹੀ ਦੀ ਮੋਕਸ਼ਾ ਨੇ ਪਰਿਵਾਰ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਵੱਡੀ ਪ੍ਰਾਪਤੀ ਕੀਤੀ ਹੈ।
ਅਨੀਤਾ ਦਰਸ਼ੀ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਮੋਕਸ਼ਾ ਨੇ 2019 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਹਿਜ਼ ਦੋ ਮਹੀਨੇ ਬਾਅਦ ਹੀ ਹੋਣ ਵਾਲੀ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਵਿਚ ਬੈਠਣ ਦਾ ਫੈਸਲਾ ਲਿਆ। ਉਹਨਾਂ ਦੱਸਿਆ ਕਿ ਬੇਸ਼ੱਕ ਕਰੋਨਾ ਕਾਰਨ ਇਹਨਾਂ ਪ੍ਰੀਖਿਆਵਾਂ ਦਾ ਨਤੀਜਾ ਕਾਫ਼ੀ ਦੇਰ ਬਾਅਦ ਐਲਾਨਿਆ ਜਾ ਸਕਿਆ ਹੈ ਪਰ ਲੰਬੇ ਇੰਤਜ਼ਾਰ ਉਪਰੰਤ ਮਿਲੀ ਇਹ ਖੁਸ਼ੀ ਪ੍ਰਮਾਤਮਾ ਦੀ ਆਪਾਰ ਕਿਰਪਾ ਸਦਕਾ ਸੰਭਵ ਹੋਈ ਹੈ। ਮੋਕਸ਼ਾ ਬੈਂਸ ਦੀ ਇਸ ਪ੍ਰਾਪਤੀ ’ਤੇ ਲੋਕਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਸਮੁੱਚੇ ਬੈਂਸ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੋਕਸ਼ਾ ਦੀ ਇਸ ਪ੍ਰਾਪਤੀ ਸਦਕਾ ਹਰ ਪੰਜਾਬੀ ਮਾਣਮੱਤਾ ਮਹਿਸੂਸ ਕਰੇਗਾ ਅਤੇ ਪੰਜਾਬ ਲਈ ਇਹ ਵੱਡੀ ਪ੍ਰਾਪਤੀ ਹੈ ਅਤੇ ਮੋਕਸ਼ਾ ਪੰਜਾਬ ਦੀਆਂ ਧੀਆਂ ਲਈ ਰੋਲ ਮਾਡਲ ਬਣੇਗੀ।