ਕਿਸਾਨੀ ਸੰਘਰਸ਼ ਅਤੇ ਕੁਝ ਗੱਲਾਂ ਵਿਚਾਰਨਯੋਗ ✍️ ਅਮਨਜੀਤ ਸਿੰਘ ਖਹਿਰਾ  

ਅੱਜ ਦੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਕੁਝ ਗੱਲਾਂ ਸਾਨੂੰ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਹਨ । ਜਿੱਥੋਂ ਤਕ ਮੇਰੀ ਸੋਚ ਦਾ ਸਵਾਲ ਹੈ  ਕਿ ਕਈ ਵੇਰਾਂ ਜਿੱਤਾਂ ਹੀ ਪੱਕੀ ਹਾਰ ਦਾ ਕਾਰਨ ਬਣਦੀਆਂ ਹਨ ਅਤੇ ਕਈ ਵੇਰਾਂ ਹਾਰਾਂ ਭੀ ਪੱਕੀ ਜਿੱਤ ਕਰਵਾਂਦੀਆਂ ਹਨ। ਇਹ ਤਾਂ ਆਗੂਆਂ ਤੇ ਕੌਮ ਦੀ ਜ਼ਿਹਨੀ ਹਾਲਤ, ਅਕਲ ਤੇ ਚਾਲਚਲਣ ਉੱਤੇ ਮੁਨਹਸਰ ਹੈ। ਜੋ ਜਿੱਤ ਨਹੀਂ ਪਚਾ ਸਕਦਾ, ਉਹ ਜ਼ਰੂਰ ਹਾਰੇਗਾ ਤੇ ਜੋ ਹਾਰ ਨਹੀਂ ਝੱਲ ਸਕਦਾ, ਉਹ ਜ਼ਰੂਰ ਮਰੇਗਾ। ਆਪਾਂ ਥੋੜ੍ਹਾ ਪਿੱਛੇ ਚੱਲੀਏ ਅਤੇ ਵਿਚਾਰੀਏ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਔਗੁਣ ਅਹੰਕਾਰ ਤੇ ਬੁਰਛੇਗਰਦੀ ਸੀ। ਜੇਕਰ ਸਾਡੀਆਂ ਸਪੀਚਾਂ ਵਿਚ ਇਤਨੀ ਆਕੜ ਨਾ ਹੁੰਦੀ ਤਾਂ ਇਹ ਆਕੜ ਸ਼ਾਇਦ ਕੌਮ ਵਿਚ ਨਾ ਖਿੱਲਰਦੀ ਤੇ ਸਾਡੀ ਕਾਮਿਆਬੀ ਵਧੇਰੀ ਤੇ ਬਾਹਲਾ ਚਿਰ ਰਹਿਣ ਵਾਲੀ ਹੁੰਦੀ। ਅਕਾਲੀ ਲਹਿਰ ਨੇ ਸਾਡਾ ਚਾਲਚਲਣ ਉੱਚਾ ਕੀਤਾ ਸੀ ਤੇ ਸਾਡੇ ਵਿਚ ਏਕਤਾ ਪੈਦਾ ਕੀਤੀ ਸੀ। ਇਸ ਅਹੰਕਾਰ ਭਰੀ ਗੱਪਬਾਜ਼ੀ ਨੇ ਦੋਵੇਂ ਗੱਲਾਂ ਹੁਣ ਕੱਢ ਦਿੱਤੀਆਂ ਹਨ। ਆਕੜ ਭਰੇ ਲਫਜ਼ਾਂ ਦੀ ਆਦਤ ਨੇ ਸਾਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕੀਤਾ। ਸਾਡੇ ਚਾਲਚਲਣ ਉੱਤੇ ਭੀ ਬੜਾ ਮਾੜਾ ਅਸਰ ਪਿਆ ਹੈ ਤੇ ਸਾਡੇ ਵਿਚੋਂ ਬਾਣੀ ਦਾ ਪਾਠ ਤੇ ਸ਼ਰਧਾ ਪ੍ਰੇਮ ਭੀ ਘਟ ਰਹੇ ਹਨ। ਨਿਰਮਾਨਤਾ ਤੇ ਚਾਲਚਲਣ ਬਿਨਾ ਨਾ ਕੋਈ ਤਾਕਤ ਪੈਦਾ ਹੋ ਸਕਦੀ ਹੈ ਤੇ ਨਾ ਕਾਇਮ ਰਹਿ ਸਕਦੀ ਹੈ। ਏਕਤਾ ਬਿਨਾ ਤਾਕਤ ਦਾ ਕੀ ਅਰਥ? ਜਿਨ੍ਹਾਂ ਦਾ ਆਪੋ ਵਿਚ ਇਤਬਾਰ ਨਹੀਂ ਉਨ੍ਹਾਂ ਦੀ ਏਕਤਾ ਕੀ? ਫੁਟ ਨੇ ਸਾਡਾ ਰਾਜ ਗੰਵਾਇਆ। ਉਸ ਵੇਲੇ ਸਾਡੇ ਕੋਲ ਸਭ ਕੁਝ ਸੀ। ਸਾਡੀ ਫੌਜ ਦੁਨੀਆ ਵਿਚੋਂ ਸਭ ਤੋਂ ਜ਼ਬਰਦਸਤ ਸੀ ਪਰ ਸਾਡਾ ਚਾਲਚਲਣ ਨੀਵਾਂ ਹੋ ਗਿਆ। ਸਾਡਾ ਆਪੋ ਵਿਚ ਇਤਬਾਰ ਉਡ ਗਿਆ ਤੇ ਸਾਡੀ ਹੁਣ ਵਾਲੀ ਦਸ਼ਾ ਹੋ ਗਈ। ਸਿੰਘੋ! ਚਾਲਚਲਣ ਉੱਚਾ ਕਰੋ। ਮੱਤ ਸੁਣੋ ਨਵੇਂ ਪਾਲਿਟੀਸ਼ਨਾਂ ਨੂੰ ਜੋ ਕਹਿੰਦੇ ਹਨ ਪਾਲਿਟਿਕਸ ਨਾਮ ਹੀ ਝੂਠ ਦਾ ਹੈ। ਪਾਲਿਟਿਕਸ ਚੱਲ ਹੀ ਇਤਬਾਰ ਉੱਤੇ ਸਕਦਾ ਹੈ। ਝੂਠੇ ਬੇਇਤਬਾਰਿਆਂ ਨੇ ਕੀ ਪਾਲਿਟਕਿਸ ਚਲਾਣਾ ਹੈ। ਓਹ ਤਾਂ ਦੋ ਹੱਥ ਮਾਰ ਕੇ ਕੁਝ ਰੁਪਏ ਠੱਗ ਕੇ ਹੀ ਸੁੱਟ ਜਾਣਗੇ। ਸਿੱਖਾਂ ਦਾ ਪਾਲਿਟਿਕਸ ਤਾਂ ਕੇਵਲ ਧਰਮ ਤੇ ਇਖਲਾਕ ਦੇ ਆਸਰੇ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਕੌਮ ਉੱਚੀ ਹੋ ਸਕਦੀ ਹੈ।ਅੱਜ ਸਾਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ ਸਾਡੇ ਵਿੱਚ ਕਿਤੇ ਨਾ ਕਿਤੇ ਏਕਤਾ ਤਾਂ ਪੈਦਾ ਹੋਈ ਹੈ । ਸਮੂਹ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਮਿਹਨਤ ਦਾ ਸਦਕਾ ਅੱਜ ਅਸੀਂ ਕੌਮ ਤੇ ਵੀ ਫ਼ਖ਼ਰ ਕਰ ਸਕਦੇ ਹਾਂ । ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਇਕ ਗੱਲ ਸਪੱਸ਼ਟ ਹਰੇਕ ਆਦਮੀ ਜੋ ਕਿਸੇ ਵੀ ਸਟੇਜ ਤੇ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਨੂੰ ਤੇ ਫਲਸਫੇ ਨੂੰ ਉਸ ਨੇ ਯਾਦ ਕੀਤਾ ਇੱਥੇ ਹੀ ਬਸ ਨਹੀਂ ਸਿੱਖੀ ਸਿਧਾਂਤਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਹੋਈ। ਸਾਡੇ ਰਾਜਨੀਤਕ ਲੋਕਾਂ ਦੇ ਝੂਠੇ ਪ੍ਰਚਾਰ ਝੂਠੇ ਵਾਅਦੇ ਕੌਮ ਨੂੰ ਠੱਗਣ ਅਤੇ ਲਾਚਾਰ ਬਣਾਉਣ ਦੀ ਗੱਲ ਹੋਈ।ਸਮੇਂ ਨੇ ਕਰਵਟ ਲਈ ਲੋਕ ਇਕ ਤੰਦ ਵਿੱਚ ਪਰੋਏ ਜਾਣ ਲੱਗੇ  ਜਦੋਂ ਬਹੁਤੇ ਰਾਜਨੀਤਕ ਲੋਕਾਂ ਕੋਲੇ ਕੋਈ ਰਸਤਾ ਨਾ ਰਿਹਾ ਉਨ੍ਹਾਂ ਨੇ ਵੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ । ਮੈਂ ਅੱਜ ਦੀ ਆਪਣੀ ਇਸ ਗੱਲ ਵਿੱਚ ਤਾਰੀਫ਼ ਕਰਨਾ ਚਾਹਾਂਗਾ ਸਾਰੇ ਹੀ ਪੰਜਾਬ ਦੇ ਕਲਾਕਾਰ ਗਾਉਣ ਵਾਲੇ ਅਤੇ ਹੋਰ ਅੱਜ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਡੀ ਧਿਰ ਹਨ  ਮੇਰੀ ਸੋਚ ਇਨ੍ਹਾਂ ਲੋਕਾਂ ਨੂੰ ਸਲੂਟ ਕਰਦੀ ਹੈ ਅਤੇ ਬੇਨਤੀ ਵੀ ਕਰਦਾ ਹਾਂ  ਕਿ ਜਿਨ੍ਹਾਂ ਕਿਸਾਨਾਂ ਨੇ ਤੁਹਾਨੂੰ ਜੜ੍ਹਾਂ ਦਿੱਤੀਆਂ ਉਨ੍ਹਾਂ ਦਾ ਪਿਛੋਕੜ ਦੇਖਣਾ ਬਣਦਾ ਹੈ ਸਾਡਾ ਕਿਉਂ ਉਹ ਜੜ੍ਹਾਂ ਮਜ਼ਬੂਤ ਹਨ।  ਉਨ੍ਹਾਂ ਸਾਡੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੁਲੀਸ, ਐਸਡੀਐਮ, ਡੀ ਸੀ ਅਤੇ ਸਰਕਾਰ ਦੇ ਦਰਬਾਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਧੱਕੇ ਖਾਂਦੇ ਹਨ । ਉਨ੍ਹਾਂ ਸਾਡੇ ਕਿਸਾਨ ਤੇ ਮਜ਼ਦੂਰ ਲੀਡਰਾਂ ਕੋਲ ਬਹੁਤ ਵੱਡਾ ਐਕਸਪੀਰੀਅੰਸ ਹੈ ਜੋ ਸਾਨੂੰ ਮਜ਼ਬੂਤੀ ਤੇ ਰਿਹਾ। ਇਹ ਸਭ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ। ਮੈਂ ਉੱਥੇ ਇਹੀ ਬੇਨਤੀ ਕਰਾਂਗਾ ਕਿ ਆਉ ਸਾਰੇ ਹੋਵੋ ਇਕੱਠੇ ਤੇ ਇਸ ਲੜਾਈ ਨੂੰ ਸ਼ਾਂਤਮਈ ਢੰਗ ਦੇ ਨਾਲ ਹੋਰ ਮਜ਼ਬੂਤ ਕਰੋ । ਥੋੜ੍ਹੀ ਸੇਧ ਆਪਣੇ ਪਿਛੋਕੜ ਤੋਂ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ  ਸਾਡੇ ਹੱਕ ਸਰਕਾਰ ਨੂੰ ਸਾਨੂੰ ਦੇਣੇ ਪੈਣਗੇ ।