*ਡਾ ਅੰਬੇਦਕਰ ਨੂੰ ਸਮਰਪਿਤ*
- 6 ਦਸੰਬਰ ਦਾ ਦਿਨ ਭਾਰਤ ਵਿਚ ਬਾਬਾ ਸਾਹਿਬ ਡਾ ਬੀ. ਆਰ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਉਂਕਿ ਅੱਜ ਦੇ ਦਿਨ 1956 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 'ਆਧੁਨਿਕ ਭਾਰਤ ਦੇ ਨਿਰਮਾਤਾ' ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 'ਭਾਰਤੀ ਸੰਵਿਧਾਨ' ਦੀ ਸਿਰਜਣਾ ਕਰਕੇ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਧ ਮਜਬੂਤ ਅਤੇ ਵੱਡਾ ਲੋਕਤੰਤਰੀ ਦੇਸ਼ ਬਣਾਇਆ। ਡਾ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਕਰਕੇ ਅੱਜ ਭਾਰਤ 'ਇਕ ਮੁੱਠ ਹੈ', ਪਰ ਸਮੇਂ ਸਮੇਂ 'ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਇਸ ਨੂੰ 'ਬ੍ਰਾਹਮਣਵਾਦੀ ਵਿਚਾਰਧਾਰਾ' ਤਹਿਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਤਾਂ ਹੋਰ ਦੇਸ਼ ਦੀਆਂ ਸਰਕਾਰਾਂ ਵਲੋਂ ਉੱਚ ਅਦਾਲਤਾਂ ਅਤੇ ਸਰਵ-ਉਚ ਅਦਾਲਤ ਦੁਆਰਾ ਸੰਵਿਧਾਨ ਦੀਆਂ ਮੱਦਾਂ ਦਾ ਆਪਣੀ ਲੋੜ ਅਨੁਸਾਰ ਅਰਥ ਕੱਢਕੇ ਲਾਗੂ ਕਰਨ ਲਈ ਸੰਵਿਧਾਨ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਨਾ ਤਾਂ ਦੇਸ਼ ਦੇ ਅਤੇ ਨਾ ਹੀ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੈ।
ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਵਰਗੀ ਬਾਬੂ ਕਾਂਸ਼ੀ ਰਾਮ ਅਕਸਰ ਕਿਹਾ ਕਰਦੇ ਸਨ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹੁਕਮਰਾਨ ਦੇਸ਼ਾਂ ਦੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਦਬਾ ਕੇ ਰੱਖਣ ਲਈ ਸਿੱਧੀ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਅਦਾਲਤਾਂ ਰਾਹੀਂ ਫੈਸਲੇ ਕਰਵਾਕੇ ਆਪ ਧਰਮਾਤਮਾ ਬਣਨ ਦੀ ਕੋਸ਼ਿਸ਼ ਕਰਦੇ ਹੋਏ ਆਖਣਗੇ ਕਿ 'ਇਹ ਫੈਸਲਾ ਤਾਂ ਅਦਾਲਤ ਨੇ ਕੀਤਾ ਹੈ, ਸਰਕਾਰ ਨੇ ਨਹੀਂ ਕੀਤਾ, ਜਿਸ ਕਰਕੇ ਇਸ ਮਾਮਲੇ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ। ਹੁਣ ਇੰਝ ਹੀ ਹੋ ਰਿਹਾ ਹੈ, ਜੋ ਸਾਡੇ ਸਾਹਮਣੇ ਹੈ । ਹੁਣ ਕੇਂਦਰ ਵਿਚਲੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਦਬਾਉਣ ਲਈ ਆਪਣੇ ਕਿਸੇ ਚਹੇਤੇ ਕੋਲੋਂ ਸਰਵ-ਉੱਚ ਅਦਾਲਤ ਵਿੱਚ ਮਾਮਲਾ ਲਿਜਾਕੇ ਹਰ ਸੰਭਵ ਕੋਸ਼ਿਸ਼ ਜੁਟਾ ਰਹੀ ਹੈ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ " ਸਰਕਾਰਾਂ ਅਤੇ ਅਦਾਲਤਾਂ ਲੋਕ ਭਲਾਈ ਲਈ ਹਨ, ਨਾ ਕਿ ਲੋਕ ਤਬਾਹੀ ਲਈ ਹਨ।" ਸਰਕਾਰਾਂ ਅਤੇ ਅਦਾਲਤਾਂ ਦੇਸ਼ ਦੇ ਲੋਕਾਂ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਸਰਕਾਰਾਂ ਅਤੇ ਅਦਾਲਤਾਂ ਦਾ ਇਖਲਾਕੀ ਫਰਜ ਅਤੇ ਧਰਮ ਬਣਦਾ ਹੈ ਕਿ ਉਹ ਲੋਕ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ।
ਡਾ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਆਓ! ਅੱਜ ਦੇ ਦਿਨ ਪ੍ਰਣ ਕਰੀਏ ਕਿ "ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਦੇ ਹੋਏ, ਇਸ ਨੂੰ ਬ੍ਰਾਹਮਣਵਾਦ/ ਮਨੂੰਵਾਦ ਦੀ ਪੁੱਠ ਚੜ੍ਹਨ ਤੋਂ ਬਚਾ ਕੇ ਰੱਖਾਂਗੇ, ਕਿਉਂਕਿ ਸੰਵਿਧਾਨ ਨੂੰ ਬਚਾਕੇ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ, ਫਿਰਕਿਆਂ, ਅਤੇ ਵਰਗਾਂ ਸਮੇਤ ਸਮੂਹ ਆਸਤਿਕਾਂ ਅਤੇ ਨਾਸਤਿਕਾਂ ਦਾ ਸਾਂਝਾ ' ਪਵਿੱਤਰ ਗ੍ਰੰਥ 'ਹੈ।"
-ਸੁਖਦੇਵ ਸਲੇਮਪੁਰੀ
09780620233
6 ਦਸੰਬਰ, 2020.